ਫਗਵਾੜਾ, 7 ਜੁਲਾਈ (ਹਰਜੋਤ ਸਿੰਘ ਚਾਨਾ)- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਪਿੰਡਾਂ ਲਈ ਮੋਬਾਈਲ ਡਾਕੂਮੈਂਟਰੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਵੈਨ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਤੇ ਫ਼ਲਸਫ਼ੇ ਬਾਰੇ ਤਿਆਰ ਕੀਤੀ ਗਈ ਡਾਕੂਮੈਂਟਰੀ ਦਿਖਾ ਕੇ ਲੋਕਾਂ ਨੂੰ ਉਨ੍ਹਾਂ ਦੇ ਮਹਾਨ ਸੰਦੇਸ਼ ਨਾਲ ਜੋੜੇਗੀ | ਇਸ ਮੌਕੇ ਡਾ. ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਜ਼ਿਲ੍ਹੇ ਲਈ ਦੋ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਡਾਕੂਮੈਂਟਰੀ ਵੈਨਾਂ ਭੇਜੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਹਰ ਵੈਨ ਰੋਜ਼ਾਨਾ ਦੋ ਪਿੰਡਾਂ ਦਾ ਦੌਰਾ ਕਰੇਗੀ ਤੇ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿੱਤੇ ਸਮਾਨਤਾ, ਸਮਾਜਿਕ ਨਿਆਂ, ਭਗਤੀ ਤੇ ਵਿਸ਼ਵ ਭਾਈਚਾਰੇ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਏਗੀ | ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ‘ਚ ਇਹ ਵੈਨਾਂ ਫਗਵਾੜਾ ਤੇ ਭੁਲੱਥ ਸਬ-ਡਵੀਜ਼ਨਾਂ ਦੇ ਪਿੰਡਾਂ ‘ਚ ਜਾਣਗੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਵੈਨਾਂ ਵਿਚ ਐਲਈਡੀ ਸਕਰੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ‘ਤੇ ਕਰੀਬ 30 ਮਿੰਟ ਦੀ ਡਾਕੂਮੈਂਟਰੀ ਦਿਖਾਈ ਜਾਵੇਗੀ | ਇਸ ਡਾਕੂਮੈਂਟਰੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਫ਼ਲਸਫ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀਆਂ ਸਦੀਵੀ ਸਿੱਖਿਆਵਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਭੇਦਭਾਵ ਰਹਿਤ, ਸਾਂਝੀਵਾਲਤਾ ਵਾਲੇ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਨਾ ਹੈ | ਉਨ੍ਹਾਂ ਲੋਕਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ‘ਚ ਡਾਕੂਮੈਂਟਰੀ ਦੇਖਣ ਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਉੱਚੇ ਆਦਰਸ਼ਾਂ ਨੂੰ ਆਪਣੇ ਜੀਵਨ ‘ਚ ਅਪਣਾਉਣ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਆਉਣ ਵਾਲੀਆਂ ਪੀੜ੍ਹੀਆਂ ਤੱਕ ਸ੍ਰੀ ਗੁਰੂ ਰਵਿਦਾਸ ਜੀ ਦੀ ਅਧਿਆਤਮਿਕ ਤੇ ਸਮਾਜਿਕ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਚਾਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ |