ਸੁਲਤਾਨਪੁਰ ਲੋਧੀ, 8 ਜੁਲਾਈ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੰਸਦੀ ਕਾਰਜਕਾਲ ਦੇ ਚਾਰ ਸਾਲ ਸਫਲਤਾਪੂਰਵਕ ਪੂਰੇ ਕਰ ਲਏ ਹਨ | ਇਸ ਦੌਰਾਨ ਉਨ੍ਹਾਂ ਨੇ ਪੰਜਾਬ ਨਾਲ ਸਬੰਧਿਤ ਅਹਿਮ ਮਸਲਿਆਂ ਨੂੰ ਸੰਸਦ ਦੇ ਉੱਚ ਸਦਨ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦੇ ਨਾਲ-ਨਾਲ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ, ਖ਼ਾਸ ਕਰਕੇ ਪੰਜਾਬੀਆਂ, ਦੀ ਮਦਦ ਲਈ ਵੀ ਮਹੱਤਵਪੂਰਨ ਯੋਗਦਾਨ ਪਾਇਆ | ਸੰਤ ਸੀਚੇਵਾਲ ਵੱਲੋਂ ਪੇਸ਼ ਕੀਤਾ ਗਿਆ ਚੋਣ ਵਾਅਦਿਆਂ ਨੂੰ ਕਾਨੂੰਨੀ ਗਾਰੰਟੀ ਦੇਣ ਸੰਬੰਧੀ ਪ੍ਰਾਈਵੇਟ ਮੈਂਬਰ ਬਿੱਲ ਦੇਸ਼ ਵਿਚ ਲੋਕਤੰਤਰ ਅਤੇ ਚੋਣ ਪ੍ਰਣਾਲੀ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇੱਕ ਅਹਿਮ ਪਹਿਲ ਵਜੋਂ ਸਾਹਮਣੇ ਆਇਆ | ਇਸ ਨਿੱਜੀ ਬਿੱਲ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਅਤੇ ਇਸ ਨੂੰ ਸੰਸਦੀ ਕਾਰਵਾਈ ਦੌਰਾਨ ਚਰਚਾ ਲਈ ਸਿਫ਼ਾਰਸ਼ ਕੀਤਾ ਗਿਆ | ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਮਦਦ ਦੇ ਖੇਤਰ ਵਿਚ ਵੀ ਸੰਤ ਸੀਚੇਵਾਲ ਦੀ ਭੂਮਿਕਾ ਵਿਸ਼ੇਸ਼ ਰਹੀ | ਸੰਤ ਸੀਚੇਵਾਲ ਵੱਲੋਂ ਸੰਸਦ ਵਿਚ ਲਗਾਤਾਰ ਉਠਾਈ ਗਈ ਮੰਗ ਦੇ ਨਤੀਜੇ ਵਜੋਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਪੰਜਾਬ ਵਿਚ ਰੁਕੇ ਹੋਏ ਪ੍ਰੋਜੈਕਟਾਂ ਨੂੰ ਮੁੜ ਮਨਜ਼ੂਰੀ ਮਿਲੀ | ਆਪਣੇ ਸੰਸਦੀ ਕਾਰਜਕਾਲ ਦੌਰਾਨ ਸੰਤ ਸੀਚੇਵਾਲ ਨੇ ਕਿਸਾਨੀ, ਪਾਣੀ, ਵਾਤਾਵਰਨ, ਪੰਜਾਬੀ ਮਾਂ-ਬੋਲੀ, ਨੌਜਵਾਨਾਂ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਨੂੰ ਲਗਾਤਾਰ ਰਾਜ ਸਭਾ ਵਿਚ ਉਠਾਇਆ | ਖ਼ਾਸ ਕਰਕੇ ਜਲਵਾਯੂ ਤਬਦੀਲੀ ਅਤੇ ਵਾਤਾਵਰਨ ਸੰਭਾਲ ਦੇ ਮੁੱਦਿਆਂ ਨੂੰ ਉਨ੍ਹਾਂ ਨੇ ਵਾਰ-ਵਾਰ ਸੰਸਦ ਵਿਚ ਪ੍ਰਮੁੱਖਤਾ ਨਾਲ ਰੱਖਿਆ | ਚਾਰ ਸਾਲਾਂ ਦੌਰਾਨ ਉਨ੍ਹਾਂ ਨੇ ਰਾਜ ਸਭਾ ਵਿਚ 268 ਸਵਾਲ ਪੁੱਛੇ | ਸਵਾਲਾਂ ਦੀ ਚੋਣ ਵਿਚ ਹੋ ਰਹੇ ਪੱਖਪਾਤ ਦਾ ਮੁੱਦਾ ਵੀ ਉਨ੍ਹਾਂ ਨੇ ਤਤਕਾਲੀਨ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਜਗਦੀਪ ਧਨਖੜ ਨੂੰ ਪੱਤਰ ਲਿਖ ਕੇ ਜ਼ੋਰਦਾਰ ਢੰਗ ਨਾਲ ਉਠਾਇਆ | ਐਮ.ਪੀ. ਲੈਡ ਫ਼ੰਡ ਦੀ ਪਾਰਦਰਸ਼ੀ ਅਤੇ ਲੋਕ-ਹਿੱਤ ਵਰਤੋਂ ਦੇ ਮਾਮਲੇ ਵਿਚ ਵੀ ਸੰਤ ਸੀਚੇਵਾਲ ਨੇ ਮਿਸਾਲ ਕਾਇਮ ਕੀਤੀ | ਉਨ੍ਹਾਂ ਵੱਲੋਂ 300 ਤੋਂ ਵੱਧ ਵਿਕਾਸ ਕਾਰਜਾਂ ਲਈ ਫ਼ੰਡ ਜਾਰੀ ਕੀਤੇ ਗਏ | ਇਸ ਦੇ ਨਾਲ ਹੀ ਪੰਜਾਬ ਭਰ ਵਿਚ 250 ਤੋਂ ਵੱਧ ਪਾਣੀ ਦੀਆਂ ਟੈਂਕੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਜਦਕਿ ਇੰਨੀਆਂ ਹੀ ਹੋਰ ਟੈਂਕੀਆਂ ਮਨਜ਼ੂਰੀ ਤੇ ਵੰਡ ਦੀ ਉਡੀਕ ਵਿਚ ਹਨ | ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣਾ ਸੰਤ ਸੀਚੇਵਾਲ ਦੀ ਕਾਰਜਸ਼ੈਲੀ ਦੀ ਵਿਸ਼ੇਸ਼ ਪਹਿਚਾਣ ਰਹੀ | ਉਨ੍ਹਾਂ ਦਾ ਦਫ਼ਤਰ ਹਮੇਸ਼ਾ ਆਮ ਲੋਕਾਂ ਲਈ ਖੁੱਲ੍ਹਾ ਰਿਹਾ, ਜਿੱਥੇ ਬਿਨਾਂ ਕਿਸੇ ਰਸਮੀ ਕਾਰਵਾਈ ਦੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚਦੇ ਰਹੇ |