05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਅਰਬਨ ਅਸਟੇਟ ਤੇ ਹੋਰ ਖੇਤਰਾਂ ਵਿਚ ਲਾਵਾਰਸ ਕੁੱਤਿਆਂ ਦੀ ਵੱਧ ਰਹੀ ਭਰਮਾਰ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ

Ad Position 21
No active advertisement
ਅਜੀਤ ਡੈਸਕ 10-07-2026

ਕਪੂਰਥਲਾ, 9 ਜੁਲਾਈ (ਅਮਰਜੀਤ ਕੋਮਲ)-ਅਰਬਨ ਅਸਟੇਟ ਕਪੂਰਥਲਾ ਤੇ ਸ਼ਹਿਰ ਦੇ ਹੋਰ ਖੇਤਰਾਂ ਵਿਚ ਲਾਵਾਰਿਸ ਕੁੱਤਿਆਂ ਦੀ ਵੱਧ ਰਹੀ ਭਰਮਾਰ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਕੁੱਤਿਆਂ ਦੇ ਕੱਟਣ ਦੀਆਂ ਆਏ ਦਿਨ ਘਟਨਾਵਾਂ ਵਾਪਰ ਰਹੀਆਂ ਹਨ, ਪ੍ਰੰਤੂ ਪ੍ਰਸ਼ਾਸਨ ਤੇ ਨਗਰ ਨਿਗਮ ਵਲੋਂ ਇਸ ਨੂੰ ਗੰਭੀਰਤਾ ਨਾਲ ਨਾ ਲਏ ਜਾਣ ‘ਤੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਨੁਜ ਆਨੰਦ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਸਥਾਨਕ ਸਰਕਾਰਾਂ ਵਿਭਾਗ ਤੇ ਮੁੱਖ ਮੰਤਰੀ ਸ਼ਿਕਾਇਤ ਪੋਰਟਲ ‘ਤੇ ਕਈ ਵਾਰ ਸ਼ਿਕਾਇਤਾਂ ਭੇਜ ਚੁੱਕੇ ਹਨ | ਇਸ ਦੇ ਬਾਵਜੂਦ ਵੀ ਅਜੇ ਤੱਕ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਤੇ ਸਿੱਟੇ ਵਜੋਂ ਬੱਚੇ, ਔਰਤਾਂ, ਬਜ਼ੁਰਗ ਜੋ ਅਰਬਨ ਅਸਟੇਟ ਵਿਚ ਸਵੇਰੇ ਸ਼ਾਮ ਸੈਰ ਕਰਦੇ ਹਨ, ਕੁੱਤਿਆਂ ਦੀ ਦਹਿਸ਼ਤ ਕਾਰਨ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹਨ | ਉਨ੍ਹਾਂ ਕਿਹਾ ਕਿ ਇਹ ਮਾਮਲਾ ਨਗਰ ਨਿਗਮ ਦੇ ਧਿਆਨ ਵਿਚ ਹੋਣ ‘ਤੇ ਵੀ ਆਵਾਰਾ ਕੁੱਤਿਆਂ ਦੀ ਨਸਬੰਦੀ ਲਈ ਕੋਈ ਖ਼ਾਸ ਵਿਵਸਥਾ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਪ੍ਰਾਪਰਟੀ ਟੈਕਸ ਤੇ ਹੋਰ ਮਾਮਲਿਆਂ ਵਿਚ ਲੋਕਾਂ ਕੋਲੋਂ ਹਰ ਵਰ੍ਹੇ ਕਰੋੜਾਂ ਰੁਪਏ ਦਾ ਟੈਕਸ ਇਕੱਤਰ ਕਰ ਰਹੀ ਹੈ | ਐਡਵੋਕੇਟ ਆਨੰਦ ਨੇ ਦੱਸਿਆ ਕਿ ਸਾਰੇ ਸਾਧਨਾਂ ਦੇ ਬਾਵਜੂਦ ਨਾ ਤਾਂ ਆਵਾਰਾ ਕੁੱਤਿਆਂ ਦੀ ਕੋਈ ਨਸਬੰਦੀ ਦਾ ਪ੍ਰਬੰਧ ਹੈ ਤੇ ਨਾ ਹੀ ਕੋਈ ਟੀਕਾਕਰਨ ਦਾ | ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਨਿਪਟਾਰੇ ਲਈ ਸਾਧਨਾਂ ਦੀ ਕੋਈ ਕਮੀ ਨਹੀਂ, ਸਗੋਂ ਇੱਛਾ ਸ਼ਕਤੀ ਦੀ ਘਾਟ ਕਾਰਨ ਇਹ ਸਮੱਸਿਆ ਦਿਨ ਬ ਦਿਨ ਵੱਧ ਰਹੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਉਹ ਆਵਾਰਾ ਕੁੱਤਿਆਂ ਦੇ ਖ਼ਿਲਾਫ਼ ਨਹੀਂ, ਸਗੋਂ ਮਾਨਵੀ ਅਤੇ ਵਿਗਿਆਨਕ ਪ੍ਰਬੰਧਨ ਦੀ ਮੰਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਦੇ ਨਿਯਮਾਂ ਅਨੁਸਾਰ ਨਸਬੰਦੀ, ਐਂਟੀ ਰੈਬੀਸ ਟੀਕਾਕਰਨ ਤੇ ਲੋੜੀਂਦੀ ਦਵਾਈਆਂ ਦੀ ਵਿਵਸਥਾ ਹੀ, ਇਸ ਸਮੱਸਿਆ ਦਾ ਸਥਾਈ ਤੇ ਮਾਨਵੀ ਹੱਲ ਹੈ | ਇਸ ਨਾਲ ਜਿੱਥੇ ਆਮ ਲੋਕਾਂ ਦੀ ਸਮੱਸਿਆ ਯਕੀਨੀ ਬਣਾਈ ਜਾ ਸਕੇਗੀ, ਉੱਥੇ ਜਾਨਵਰਾਂ ਦਾ ਕਲਿਆਣ ਵੀ ਹੋ ਸਕੇਗਾ | ਉਨ੍ਹਾਂ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਜ਼ੋਰ ਦੇ ਕੇ ਕਿਹਾ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਤੇ ਉਨ੍ਹਾਂ ਦੇ ਇਲਾਜ ਲਈ ਤੁਰੰਤ ਅਸਥਾਈ ਕੇਂਦਰ ਸਥਾਪਿਤ ਕੀਤਾ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਬੰਧੀ ਕੋਈ ਪ੍ਰਭਾਵੀ ਕਾਰਵਾਈ ਨਾ ਹੋਈ ਤਾਂ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵਿਚ ਵਾਧਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਦੇਰ ਰਾਤ ਪੁਲੀਸ ਵਲੋਂ ਚੈਕਿੰਗ ਮੁਹਿੰਮ ਚਲਾਈ, ਡੀ.ਆਈ.ਜੀ. ਸਿੰਗਲਾ ਵਲੋਂ ਨਾਕਿਆਂ ਦੀ ਚੈਕਿੰਗ ਅਗਲੀ ਖ਼ਬਰ ਨਗਰ ਨਿਗਮ ’ਤੇ ਕਾਬਜ਼ ਹੋ ਕੇ ਆਮ ਆਦਮੀ ਪਾਰਟੀ ਨੇ ਕਪੂਰਥਲਾ ਵਿਚ ਇਤਿਹਾਸ ਰਚਿਆ-ਡਾ. ਰਾਜ ਕੁਮਾਰ ਚੱਬੇਵਾਲ
Ad Position 24
No active advertisement