ਭੁਲੱਥ, 9 ਜੁਲਾਈ (ਮਨਜੀਤ ਸਿੰਘ ਰਤਨ)-ਬੀਤੇ ਕੱਲ ਪਾਵਰਕਾਮ ਦਫ਼ਤਰ ਭੁਲੱਥ ਵਿਖੇ ਹੋਈ ਚੋਰੀ ਦੀ ਵਾਰਦਾਤ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪੁਰਜ਼ੋਰ ਨਿਖੇਧੀ ਕੀਤੀ ਗਈ ਹੈ | ਇਸ ਸਬੰਧੀ ਜੋਗਿੰਦਰ ਸਿੰਘ ਮਾਨ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ, ਜੋਗਿੰਦਰ ਸਿੰਘ ਬਾਗੜੀਆ ਜ਼ਿਲ੍ਹਾ ਮੀਤ ਪ੍ਰਧਾਨ, ਕਸ਼ਮੀਰ ਸਿੰਘ ਬੋਪਾਰਾਏ, ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ, ਗੁਰਮੀਤ ਸਿੰਘ ਇਕਾਈ ਪ੍ਰਧਾਨ ਰਾਜਪੁਰ, ਪਿ੍ਤਪਾਲ ਸਿੰਘ ਖੱਸਣ, ਪਰਮਜੀਤ ਸਿੰਘ ਕਮਰਾਏ ਸਕੱਤਰ, ਸੁਖਦੇਵ ਸਿੰਘ ਐਮ.ਸੀ. ਕਮਰਾਏ, ਬਲਵਿੰਦਰ ਸਿੰਘ, ਗੁਰਦੇਵ ਸਿੰਘ ਖੱਸਣ, ਮਹਿੰਦਰ ਸਿੰਘ ਬਾਗੜੀਆਂ, ਕਮਲਜੀਤ ਸਿੰਘ, ਕਾਬਲ ਸਿੰਘ, ਉਮਰਾਓ ਸਿੰਘ ਬਾਗੜੀਆਂ, ਕਰਮ ਸਿੰਘ ਮਾਨਾ ਤਲਵੰਡੀ, ਬਹਾਦਰ ਸਿੰਘ ਮਲੀਆ ਅਤੇ ਬਲਵਿੰਦਰ ਸਿੰਘ ਮੱਲੀਆਂ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਗਿਆ ਕਿ ਬਿਜਲੀ ਦਫ਼ਤਰ ਭੁਲੱਥ ਵਿਖੇ ਚੋਰ ਬਿਜਲੀ ਘਰ ਦੇ ਸਟੋਰ ਦਾ ਜਿੰਦਰਾ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਜਿਨ੍ਹਾਂ ਵਿਚ ਨਵੇਂ ਪੁਰਾਣੇ ਬਿਜਲੀ ਦੇ ਮੀਟਰ, ਮੀਟਰਾਂ ਦੇ ਬਕਸੇ, ਕੇਬਲ ਤਾਰਾਂ, ਅਤੇ ਦਫ਼ਤਰੀ ਰਿਕਾਰਡ ਚੋਰੀ ਕਰਕੇ ਲੈ ਗਏ | ਚੋਰਾਂ ਵੱਲੋਂ ਬਿਜਲੀ ਘਰ ਵਿਚ ਚੋਰਾਂ ਵੱਲੋਂ ਲੱਖਾਂ ਦਾ ਸਾਮਾਨ ਚੋਰੀ ਕੀਤਾ ਜਾ ਰਿਹਾ ਹੈ | ਪਹਿਲਾਂ ਵੀ ਇਸੇ ਬਿਜਲੀ ਘਰ ਵਿਚੋਂ ਜਨਵਰੀ ਮਹੀਨੇ ਵਿਚ ਚੋਰਾਂ ਵੱਲੋਂ ਚੋਰੀ ਕਰਕੇ ਲੱਖਾਂ ਦਾ ਸਾਮਾਨ ਚੋਰੀ ਕੀਤਾ ਗਿਆ ਸੀ ਜਿਸ ਦੀ ਪੁਲਿਸ ਨੂੰ ਰਿਪੋਰਟ ਵੀ ਕੀਤੀ ਗਈ ਸੀ ਪ੍ਰੰਤੂ ਚੋਰ ਅਜੇ ਤੱਕ ਪੁਲਿਸ ਦੀ ਗਿ੍ਫ਼ਤ ਵਿਚੋਂ ਬਾਹਰ ਹਨ | ਇਹ ਚੋਰੀ ਸਾਲ ਵਿਚ ਬਿਜਲੀ ਘਰ ਵਿਚ ਦੂਸਰੀ ਚੋਰੀ ਹੈ ਪ੍ਰੰਤੂ ਪੁਲਿਸ ਮੂਕ ਦਰਸ਼ਕ ਬਣੀ ਬੈਠੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟਰਾਂਸਫ਼ਾਰਮਰ, ਕੇਵਲ ਤਾਰਾ ਅਤੇ ਹੋਰ ਸਮਾਨ ਵੱਡੇ ਪੱਧਰ ਤੇ ਚੋਰੀ ਹੋ ਰਹੇ ਹਨ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੁਲਿਸ ਦੀ ਗਸ਼ਤ ਤੇਜ਼ ਕਰਕੇ ਚੋਰਾਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜੋ ਲੋਕ ਨਸ਼ਾ ਕਰਕੇ ਇਹ ਕੰਮ ਕਰਦੇ ਹਨ ਉਨ੍ਹਾਂ ਤੋਂ ਵੱਡੀ ਪੱਧਰ ਤੇ ਪੁੱਛਗਿੱਛ ਕੀਤੀ ਜਾਵੇ | ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਨ੍ਹਾਂ ਤੋਂ ਸਾਮਾਨ ਬਰਾਮਦ ਕੀਤਾ ਜਾਵੇ |