ਹੈਰੋਇਨ ਸਮੇਤ ਇਕ ਔਰਤ ਕਾਬੂ
ਅਜੀਤ ਡੈਸਕ
30-07-2026
ਸੁਭਾਨਪੁਰ, 29 ਜੁਲਾਈ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਇਕ ਔਰਤ ਨੂੰ ਕਥਿਤ ਤੌਰ ’ਤੇ ਹੈਰੋਇਨ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐਸ.ਐਚ. ਓ. ਅਮਨਦੀਪ ਨਾਹਰ ਨੇ ਚਾਰਜ ਸੰਭਾਲਣ ਤੋਂ ਬਾਦ ਸਖ਼ਤੀ ਕਰਦੇ ਹੋਏ ਦਿਨ ਤੇ ਰਾਤ ਦੀ ਗਸ਼ਤ ਵਧਾਉਣ ਕਰਕੇ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਜਦੋਂ ਹਮੀਰਾ ਪਹੁੰਚੇ ਤਾਂ ਪਿੰਡ ਹਮੀਰਾ ਦੀ ਤਰਫ਼ੋਂ ਆ ਰਹੀ ਇਕ ਔਰਤ ਨੂੰ ਕਥਿਤ ਤੌਰ ’ਤੇ ਹੈਰੋਇਨ ਸਮੇਤ ਕਾਬੂ ਕੀਤਾ | ਥਾਣਾ ਮੁਖੀ ਅਮਨਦੀਪ ਨਾਹਰ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਪਿੰਡ ਹਮੀਰਾ ਦੇ ਨਜ਼ਦੀਕ ਸੀ ਤਾਂ ਸਾਹਮਣੇ ਤੋਂ ਇਕ ਔਰਤ ਆਉਂਦੀ ਦਿਖਾਈ ਦਿੱਤੀ | ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਈ ਤੇ ਯਕਦਮ ਪਿੱਛੇ ਨੂੰ ਮੁੜ ਕੇ ਤੇਜ਼ ਕਦਮੀ ਤੁਰਨ ਲੱਗੀ | ਜਿਸ ਦੇ ਹੱਥੋ ਇੱਕ ਮੋਮੀ ਲਿਫ਼ਾਫ਼ਾ ਸੜਕ ਤੇ ਡਿਗ ਗਿਆ | ਪੁਲਿਸ ਪਾਰਟੀ ਨੇ ਲੇਡੀਜ਼ ਕਾਂਸਟੇਬਲ ਦੀ ਮਦਦ ਨਾਲ ਕਾਬੂ ਕਰਕੇ ਉਕਤ ਔਰਤ ਦਾ ਨਾਂਅ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਪਰਮਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਦੱਸਿਆ | ਉਕਤ ਔਰਤ ਵੱਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਪਰਮਜੀਤ ਕੋਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਮੌਕੇ ਐਸ. ਐਚ.ਓ. ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਉਕਤ ਔਰਤ ਦਾ ਰਿਮਾਂਡ ਮਾਨਯੋਗ ਅਦਾਲਤ ਵਿਚੋਂ ਲਿਆ ਜਾ ਰਿਹਾ ਹੈ | ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕੇ ਹੈਰੋਇਨ ਕਿੱਥੋਂ ਲੈ ਕੇ ਆਈ ਸੀ ਤੇ ਕਿਸ ਨੂੰ ਦੇਣ ਲਈ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਇਸ ਔਰਤ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ | ਅਗਰ ਕਿਸੇ ਵੀ ਵਿਅਕਤੀ ਦਾ ਨਾਮ ਸਾਹਮਣੇ ਆਇਆ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ |