05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਨਗਰ ਪਾਲਿਕਾ ਕਰਮਚਾਰੀ ਸੰਗਠਨ ਤੇ ਹੋਰ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ੍ਹੇ ’ਚ ਮਿਲਿਆ ਭਰਵਾਂ ਹੁੰਗਾਰਾ

Ad Position 21
No active advertisement
ਅਜੀਤ ਡੈਸਕ 31-07-2026

ਕਪੂਰਥਲਾ, 30 ਜੁਲਾਈ (ਅਮਰਜੀਤ ਕੋਮਲ)-ਸਫਾਈ ਸੇਵਕਾਂ ਤੇ ਬਰਨਾਲਾ ਵਿਚ ਬੀਤੇ ਦਿਨੀਂ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ, ਪੰਜਾਬ ਸਰਕਾਰ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਏ ਜਾਣ ’ਤੇ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕੀਤੇ ਜਾਣ ‘ਤੇ ਅੱਜ ਨਗਰ ਪਾਲਿਕਾ ਕਰਮਚਾਰੀ ਸੰਗਠਨ ਤੇ ਸਫ਼ਾਈ ਕਰਮਚਾਰੀਆਂ ਦੀ ਹੋਰ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਹੋਰ ਨੇੜਲੇ ਖੇਤਰਾਂ ਵਿਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ | ਬੰਦ ਦੌਰਾਨ ਮੈਡੀਕਲ ਸੇਵਾਵਾਂ ਨੂੰ ਛੱਡ ਕੇ ਸ਼ਹਿਰ ਦੇ ਸਾਰੇ ਬਾਜ਼ਾਰ, ਵੱਡੇ ਕਾਰੋਬਾਰੀ ਅਦਾਰੇ, ਸਰਕਾਰੀ ਤੇ ਪ੍ਰਾਈਵੇਟ ਬੈਂਕ ਤੇ ਸ਼ਹਿਰ ਵਿਚਲੇ ਕੁੱਝ ਵਿੱਦਿਅਕ ਅਦਾਰੇ ਬੰਦੇ ਰਹੇ | ਸਫ਼ਾਈ ਮੁਲਾਜ਼ਮਾਂ ਨਾਲ ਸਬੰਧਿਤ ਨੌਜਵਾਨਾਂ ਨੇ ਸਵੇਰੇ 11 ਵਜੇ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਤੇ ਮਾਲ ਰੋਡ ‘ਤੇ ਖੁੱਲੀ ਐਸ.ਬੀ.ਆਈ. ਦੀ ਬਰਾਂਚ ਵਿਚ ਜਾ ਕੇ ਉਨ੍ਹਾਂ ਪ੍ਰਬੰਧਕਾਂ ਨੂੰ ਬੈਂਕ ਬੰਦ ਕਰਨ ਦੀ ਅਪੀਲ ਕੀਤੀ ਜਿਸ ਪਿੱਛੋਂ ਇਹ ਬੈਂਕ ਵੀ ਬੰਦ ਹੋ ਗਈ | ਜਦਕਿ ਐਚ.ਡੀ.ਐਫ.ਸੀ. ਬੈਂਕ, ਐਕਸਿਸ ਬੈਂਕ, ਇੰਡੀਅਨ ਬੈਂਕ ਸਮੇਤ ਹੋਰ ਬੈਂਕਾਂ ਸਵੇਰ ਤੋਂ ਹੀ ਬੰਦ ਸਨ | ਇਸੇ ਦੌਰਾਨ ਹੀ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਨਗਰ ਨਿਗਮ ਦੇ ਦਫ਼ਤਰ ਮੂਹਰੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਗੋਪਾਲ ਥਾਪਰ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ | ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜੀਆ ਲਾਲ ਨਾਹਰ, ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਭੁੱਲਰ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਉਨ੍ਹਾਂ ਨਗਰ ਨਿਗਮ ਦੇ ਮੁਲਾਜ਼ਮਾਂ ਦੇ ਸੰਘਰਸ਼ ਦਾ ਸਮਰਥਨ ਦਿੱਤਾ ਤੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਬਰਨਾਲਾ ਵਿਚ ਸਫ਼ਾਈ ਸੇਵਕਾਂ ‘ਤੇ ਕੀਤੇ ਗਏ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ | ਧਰਨੇ ਨੂੰ ਸੰਬੋਧਨ ਕਰਦਿਆਂ ਗੋਪਾਲ ਥਾਪਰ ਨੇ ਕਿਹਾ ਕਿ ਬੀਤੇ ਦਿਨ ਬਰਨਾਲਾ ਵਿਚ ਆਪਣੀਆਂ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ ‘ਤੇ ਪੁਲਿਸ ਵਲੋਂ ਬੇਰਹਿਮੀ ਨਾਲ ਕੀਤੇ ਗਏ ਲਾਠੀਚਾਰਜ ਦੀ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਆਗੂ ਨੇ ਨਿੰਦਾ ਨਹੀਂ ਕੀਤੀ |
ਜਿੱਥੋਂ ਤੱਕ ਦਲਿਤ ਸਮਾਜ ਨਾਲ ਸਬੰਧਿਤ ਐਮ.ਐਲ.ਏ.ਦਾ ਸਵਾਲ ਹੈ ਉਹ ਵੀ ਇਹ ਸਭ ਕੁੱਝ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਫ਼ਾਈ ਸੇਵਕਾਂ ਤੇ ਹੋਰ ਮੁਲਾਜ਼ਮਾਂ ਦੀ ਮੁੱਖ ਮੰਗ ਹੈ ਕਿ ਬਰਨਾਲਾ ਵਿਚ ਸਫ਼ਾਈ ਸੇਵਕਾਂ ‘ਤੇ ਲਾਠੀਚਾਰਜ ਕਰਨ ਵਾਲੇ ਡੀ.ਐਸ.ਪੀ., ਐਸ.ਐਚ.ਓ. ਤੇ ਹੋਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਕੇ ਉਨ੍ਹਾਂ ‘ਤੇ ਇਰਾਦਾ ਕਤਲ, ਐਸ.ਸੀ.ਐਸ.ਟੀ. ਐਕਟ ਤਹਿਤ ਕੇਸ ਦਰਜ ਕੀਤਾ ਜਾਵੇ | ਸੰਗਠਨ ਦੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਇਹ ਮੰਗ ਨਾ ਮੰਨੀਆਂ ਤਾਂ ਨਗਰ ਪਾਲਿਕਾ ਕਰਮਚਾਰੀ ਸੰਗਠਨ ਆਪਣੇ ਸਾਥੀਆਂ ਨਾਲ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੇਗਾ | ਉਨ੍ਹਾਂ ਬੰਦ ਨੂੰ ਸਫ਼ਲ ਬਣਾਉਣ ਲਈ ਕਾਰੋਬਾਰੀਆਂ, ਦੁਕਾਨਦਾਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਧਰਨੇ ਤੋਂ ਬਾਅਦ ਸੰਗਠਨ ਵਲੋਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਗਮ ਦਫ਼ਤਰ ਤੋਂ ਰੋਸ ਮਾਰਚ ਕੱਢਿਆ ਗਿਆ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਂਕ ਪੁੱਜਾ, ਜਿੱਥੇ ਰੋਹ ਵਿਚ ਆਏ ਨਗਰ ਨਿਗਮ ਦੇ ਮੁਲਾਜ਼ਮਾਂ ਤੇ ਕਾਂਗਰਸ ਨਾਲ ਸਬੰਧਿਤ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬਲਾਕ ਸੰਮਤੀ ਦੇ ਉਪ ਚੇਅਰਮੈਨ ਮਲਕੀਤ ਸਿੰਘ, ਯੂਥ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਮਾਹਲ, ਕੌਂਸਲਰ ਕੁਲਦੀਪ ਸਿੰਘ, ਮਨਮੋਹਨ ਸਿੰਘ ਬਾਜਵਾ, ਨਰੈਣ ਵਸ਼ਿਸ਼ਟ, ਅਸ਼ਵਨੀ ਰਾਜਪੂਤ, ਅਨਮੋਲ ਸ਼ਰਮਾ, ਪ੍ਰਵੀਨ ਜੋਸ਼ੀ, ਵਿਜੇ ਛਾਬੜਾ, ਰਾਜਬੀਰ ਬਾਵਾ, ਬਲਬੀਰ ਡੀ.ਸੀ., ਬਲਬੀਰ ਸਿੰਘ ਬੀਰਾ, ਸਿਮਰਨਜੀਤ ਸਿੰਘ ਮਾਹਲ, ਤਰਸੇਮ ਲਾਲ, ਰਜਿੰਦਰ ਸਿੰਘ ਪਾਲਾ ਵਾਲੀਆ, ਬਲਜੀਤ ਸਿੰਘ ਕਾਲਾ, ਵਿਕਾਸ ਸ਼ਰਮਾ, ਲੱਕੀ ਮੁਹੱਬਤ ਨਗਰ, ਹਰਪ੍ਰੀਤ ਸਿੰਘ, ਪ੍ਰੇਮ ਅਟਵਾਲ, ਗੁਰਪਾਲ ਬਿੱਲਾ, ਜਗਦੀਸ਼ ਸਿੰਘ ਜੱਗੀ, ਮਾਸਟਰ ਤਰਸੇਮ ਲਾਲ, ਗੁਰਸ਼ਰਨ ਸਿੰਘ, ਕੁਲਦੀਪ ਲਾਹੋਰੀਆ, ਕਾਲੂ ਵਾਲੀਆ, ਮਿੰਟੂ ਕੁਮਾਰ, ਤਲਵੰਡੀ ਮਹਿਮਾ ਦੇ ਸਰਪੰਚ ਜਸਵੰਤ ਸਿੰਘ ਲਾਲੀ, ਯਤਿਨ ਪ੍ਰਭਾਕਰ, ਸਾਹਿਲ ਬਮੋਟਰਾਂ, ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸਭਰਵਾਲ, ਅਕਾਲੀ ਦਲ ਦੇ ਕੌਂਸਲਰ ਕੋਮਲ ਸਹੋਤਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਿਆਰਾ ਸਿੰਘ ਭੰਡਾਲ ਦੋਨਾ, ਬਲਵਿੰਦਰ ਸਿੰਘ ਵਿਲਾ ਕੋਠੀ, ਰਾਜ ਵਿਲਾ ਕੋਠੀ, ਜਰਨੈਲ ਸਿੰਘ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਤੇ ਨਗਰ ਨਿਗਮ ਦੇ ਮੁਲਾਜ਼ਮ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪੰਜਾਬ ਬੰਦ ਦੌਰਾਨ ਮਿਆਣੀ ਬਾਕਰਪੁਰ ਤੇ ਢਿਲਵਾਂ ਦੇ ਬਾਜ਼ਾਰ ਬੰਦ
ਢਿਲਵਾਂ, (ਪ੍ਰਵੀਨ ਕੁਮਾਰ)-ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਪੰਜਾਬ ਬੰਦ ਦੀ ਹੜਤਾਲ ਨੂੰ ਲੈ ਕੇ ਜੀ ਟੀ ਰੋਡ ਬੱਸ ਅੱਡਾ ਮਿਆਣੀ ਬਾਕਰਪੁਰ ਤੇ ਢਿਲਵਾਂ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੋਰ ਤੇ ਬੰਦ ਰਹੇ ਜਿਸ ਨਾਲ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ |ਇਸ ਦੌਰਾਨ ਰਾਸ਼ਟਰੀ ਰਾਜ ਮਾਰਗ ਤੇ ਵਾਹਨਾਂ ਦੀ ਆਵਾਜਾਈ ਆਮ ਵਾਂਗ ਚੱਲਦੀ ਰਹੀ | ਪੰਜਾਬ ਬੰਦ ਨੂੰ ਭਰਵਾ ਹੁੰਗਾਰਾ ਮਿਲਿਆ ਹੈ ਤੇ ਦੁਕਾਨਦਾਰਾਂ ਨੇ ਸਫ਼ਾਈ ਸੇਵਕਾਂ ਦਾ ਸਾਥ ਦਿੰਦਿਆਂ ਆਪੋ ਆਪਣੇ ਕਾਰੋਬਾਰ ਬੰਦ ਕੀਤੇ ਹਨ | ਇਸ ਮੌਕੇ ਢਿਲਵਾਂ ਦੇ ਸਫ਼ਾਈ ਸੇਵਕਾਂ ਵਲੋਂ ਢਿਲਵਾਂ ਦੇ ਬਾਜ਼ਾਰ ਵਿਚ ਆਪਣਾ ਰੋਸ ਮਾਰਚ ਕੱਢਿਆ ਹੈ |
ਕਸਬਾ ਭੁਲੱਥ ਮੁਕੰਮਲ ਬੰਦ
ਭੁਲੱਥ, (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਸਫ਼ਾਈ ਸੇਵਕ ਯੂਨੀਅਨ ਵੱਲੋਂ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾ ਵਾਸਤੇ ਅਤੇ ਪੁਲਿਸ ਵੱਲੋਂ ਜੋ ਬਰਨਾਲੇ ਵਿਚ ਲਾਠੀ ਚਾਰਜ ਕੀਤਾ ਗਿਆ ਉਸ ਦੇ ਰੋਸ ਵਜੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਤੇ ਕਸਬਾ ਭੁਲੱਥ ਮੁਕੰਮਲ ਬੰਦ ਰਿਹਾ | ਕਿਸੇ ਵੀ ਦੁਕਾਨਦਾਰ ਨੇ ਇਸ ਬੰਦ ਦੇ ਸੱਦੇ ਤੇ ਦੁਕਾਨਾਂ ਨਹੀਂ ਖੋਲੀਆਂ ਅਤੇ ਆਪਣੇ ਕਾਰੋਬਾਰ ਬੰਦ ਰੱਖੇ ਜਿਸ ਕਾਰਨ ਬਾਜ਼ਾਰ ਵਿਚ ਸੁੰਨ ਪਸਰੀ ਰਹੀ | ਬੰਦ ਦੌਰਾਨ ਸੜਕਾਂ ਤੇ ਬਾਜ਼ਾਰਾਂ ਵਿਚ ਵੀ ਆਵਾਜਾਈ ਨਾ ਮਾਤਰ ਹੀ ਦਿਖਾਈ ਦਿੱਤੀ | ਬਾਜ਼ਾਰ ਵਿਚ ਸਵੇਰ ਸਾਰ ਕੁੱਝ ਕੁ ਦੁਕਾਨਦਾਰ ਵੱਲੋਂ ਟਾਂਵੀਂ ਟਾਂਵੀਂ ਦੁਕਾਨ ਖੋਲੀ ਗਈ ਸੀ ਜਿਸ ਨੂੰ ਸਫ਼ਾਈ ਸੇਵਕ ਅਤੇ ਨਗਰ ਪੰਚਾਇਤ ਭੁਲੱਥ ਦੇ ਕਰਮਚਾਰੀਆਂ ਵੱਲੋਂ ਬੰਦ ਕਰਾ ਦਿੱਤਾ ਗਿਆ ਇਸ ਮੌਕੇ ਤੇ ਸਫ਼ਾਈ ਸੇਵਕਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਚੰਦਰ ਸ਼ੇਖਰ, ਡੈਨੀਅਨ ਕਲਿਆਣ, ਗੁਰਜੀਤ ਸਿੰਘ ਬਾਜਵਾ, ਅਨਿਕੇਤ, ਰਜਿੰਦਰ ਸਿੰਘ ਬਾਵਾ, ਅਸ਼ੋਕ ਕੁਮਾਰ ਪ੍ਰਧਾਨ, ਸੂਬਾ ਸਿੰਘ, ਮਹਿੰਦਰ, ਅਜੇ, ਕਰਨ, ਸੁਭਾਸ਼, ਸਾਗਰ, ਬਿਕਰਮ, ਪ੍ਰਕਾਸ਼, ਜਤਿੰਦਰ, ਰਾਜੇਸ਼ ਅਤੇ ਹੋਰ ਹਾਜ਼ਰ ਸਨ |
ਬੇਗੋਵਾਲ ਸ਼ਹਿਰ ਵਿਚ ਬੰਦ ਨੂੰ ਮਿਲਿਆ ਸਮਰਥਨ
ਬੇਗੋਵਾਲ, (ਸੁਖਜਿੰਦਰ ਸਿੰਘ)-ਪਿਛਲੇ ਦਿਨੀਂ ਬਰਨਾਲਾ ਵਿਚ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਦੇ ਕੁੱਝ ਪੁਲਿਸ ਅਫ਼ਸਰਾਂ ਵਲੋਂ ਕੀਤੀ ਕੁੱਟਮਾਰ ਦੇ ਰੋਸ ਵਜੋਂ ਉਨ੍ਹਾਂ ਪੁਲਿਸ ਮੁਲਾਜ਼ਮਾਂ ਤੇ ਬਣਦੀ ਕਾਰਵਾਈ ਕਰਨ ਨੂੰ ਲੈ ਅੱਜ ਸਫ਼ਾਈ ਕਰਮਚਾਰੀਆਂ ਵੱਲੋਂ ਪੰਜਾਬ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਜਿੱਥੇ ਇਸ ਬੰਦ ਦੇ ਦੇ ਸੱਦੇ ਨੂੰ ਪੰਜਾਬ ਭਰ ਵਿਚ ਚੰਗਾ ਹੁੰਗਾਰਾ ਮਿਲਿਆ ਉੱਥੇ ਹੀ ਇਸ ਬੰਦ ਤਹਿਤ ਅੱਜ ਬੇਗੋਵਾਲ ਸ਼ਹਿਰ ਵੱਲੋਂ ਬੰਦ ਨੂੰ ਪੂਰਾ ਸਮਰਥਨ ਦਿੱਤਾ ਗਿਆ | ਇਸ ਮੌਕੇ ਬੇਗੋਵਾਲ ਦੀਆਂ ਸਮੂਹ ਦੁਕਾਨਾਂ ਕਾਰੋਬਾਰ ਅਤੇ ਸੰਸਥਾਵਾਂ ਲੋਕਾਂ ਵੱਲੋਂ ਬੰਦ ਰੱਖੀਆਂ ਗਈਆਂ ਤੇ ਬੰਦ ਦਾ ਪੂਰਾ ਸਮਰਥਨ ਦਿੱਤਾ ਗਿਆ | ਇਸ ਮੌਕੇ ਸਫ਼ਾਈ ਕਰਮਚਾਰੀਆਂ ਵੱਲੋਂ ਬੜੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ | ਜਿਸ ਨੂੰ ਲੈ ਕੇ ਬਹੁਤ ਹੀ ਸ਼ਾਂਤੀ ਮਈ ਢੰਗ ਨਾਲ ਦੁਕਾਨਦਾਰਾਂ ਨੇ ਸਾਰਾ ਦਿਨ ਦੁਕਾਨਾਂ ਬੰਦ ਰੱਖੀਆਂ |
ਪੰਜਾਬ ਬੰਦ ਦੇ ਸੱਦੇ ਦੌਰਾਨ ਸੁਲਤਾਨਪੁਰ ਲੋਧੀ ਮੁਕੰਮਲ ਬੰਦ ਰਿਹਾ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਬੀਤੇ ਦਿਨੀਂ ਬਰਨਾਲਾ ਵਿਚ ਸਫ਼ਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਤੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਸੁਲਤਾਨਪੁਰ ਲੋਧੀ ਸ਼ਹਿਰ ਵਿਚ ਭਰਵਾਂ ਸਮਰਥਨ ਮਿਲਿਆ, ਜਿਸ ਕਾਰਨ ਜ਼ਿਆਦਾਤਰ ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹੇ | ਇਸ ਦੌਰਾਨ ਸੈਂਕੜੇ ਸਫ਼ਾਈ ਸੇਵਕਾਂ, ਮਹਿਲਾਵਾਂ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਬਰਨਾਲਾ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ | ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਅਤੇ ਮਿਉਂਸੀਸਪਲ ਮੁਲਾਜ਼ਮਾਂ ਨੇ ਮੁਹੱਲਾ ਰਿਸ਼ੀ ਨਗਰ ਵਿਖੇ ਭਗਵਾਨ ਵਾਲਮੀਕੀ ਜੀ ਦੇ ਮੰਦਰ ਵਿਚ ਮੱਥਾ ਟੇਕਣ ਉਪਰੰਤ ਪ੍ਰਧਾਨ ਸੰਜੀਵ ਘਈ ਦੀ ਅਗਵਾਈ ਹੇਠ ਵਿਸ਼ਾਲ ਰੋਸ ਮਾਰਚ ਸ਼ੁਰੂ ਕੀਤਾ | ਰੋਸ ਮਾਰਚ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੰਜੀਵ ਘਈ ਨੇ ਕਿਹਾ ਕਿ ਬਰਨਾਲਾ ਵਿਚ ਹੋਈ ਕਾਰਵਾਈ ਨੇ ਸਫ਼ਾਈ ਸੇਵਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਅਤੇ ਸਫ਼ਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਰੋਸ ਮਾਰਚ ਮੁਹੱਲਾ ਰਿਸ਼ੀ ਨਗਰ ਤੋਂ ਸ਼ੁਰੂ ਹੋ ਕੇ ਤਲਵੰਡੀ ਚੌਕ ਤੱਕ ਪਹੁੰਚਿਆ | ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ ਤੇ ਨੌਜਵਾਨ ਵੀ ਸ਼ਾਮਲ ਹੋਏ ਅਤੇ ਡੀ.ਐਸ.ਪੀ. ਬਰਨਾਲਾ ਤੇ ਸੰਬੰਧਿਤ ਐਸ.ਐਚ.ਓ. ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ | ਲਗਾਤਾਰ ਪੰਜਾਬ ਬੰਦ ਦੇ ਹੁੰਗਾਰੇ ਨੂੰ ਵੱਖ-ਵੱਖ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ | ਇਸ ਮੌਕੇ ਪ੍ਰਧਾਨ ਸੰਜੀਵ ਘਈ, ਬ੍ਰਹਮ ਸਰੂਪ ਸਹੋਤਾ, ਗਗਨ ਨਾਹਰ, ਗੌਰਵ, ਸੰਨੀ ਨਾਹਰ, ਰਾਜਕੁਮਾਰ, ਰਿਸ਼ੀ, ਸ਼ੁਭਮ, ਜੋਤੀ, ਕਿਰਨਾ, ਪਰਮਜੀਤ ਕੌਰ, ਰਵੀ, ਰਕੇਸ਼ ਸਹੋਤਾ, ਬਿੱਟੂ, ਗੌਤਮ ਸ਼ਰਮਾ, ਵਿਨੇ, ਸੁਮਨ ਬਾਲਾ, ਮੀਨੂ, ਨਿਰਮਲ ਸਿੰਘ ਸ਼ੇਰਪੁਰ ਸੱਦਾ, ਪ੍ਰਕਾਸ਼ ਸਿੰਘ ਜੱਬੋਵਾਲ ਅਤੇ ਵੱਡੀ ਗਿਣਤੀ ਵਿਚ ਸਫ਼ਾਈ ਕਰਮਚਾਰੀ ਅਤੇ ਮਹਿਲਾਵਾਂ ਹਾਜ਼ਰ ਸਨ |
ਬੰਦ ਨੂੰ ਭੁਲੱਥ ’ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਭਰਵਾਂ ਸਮਰਥਨ
ਭੁਲੱਥ, (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਸਫ਼ਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਬੰਦ ਦੀ ਹੜਤਾਲ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਚੀਦਾ ਦੀ ਅਗਵਾਈ ਵਿਚ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿਚ ਭਰਵਾਂ ਸਮਰਥਨ ਦਿੱਤਾ ਗਿਆ | ਇਸ ਮੌਕੇ ਸਫ਼ਾਈ ਕਰਮਚਾਰੀਆਂ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਜਲਦ ਪੱਕਿਆ ਕਰੇ , ਬਰਨਾਲਾ ਵਿਖੇ ਕੀਤੇ ਗਏ ਲਾਠੀ ਚਾਰਜ ਦੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਜੀਤ ਸਿੰਘ , ਬਲਜੀਤ ਸਿੰਘ ਤੱਖਰ ਇਕਾਈ ਪ੍ਰਧਾਨ ਰਾਜਪੁਰ, ਸਵਰਨ ਸਿੰਘ ਮੁਬਾਰਕਪੁਰ ਬਾਉਲੀ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਹਰਜਿੰਦਰ ਸਿੰਘ, ਮਨਜੀਤ ਸਿੰਘ ਚੀਮਾ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਧਾਲੀਵਾਲ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ, ਜਗਤਾਰ ਸਿੰਘ, ਸੁਖਵਿੰਦਰ ਸਿੰਘ , ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਬੋਪਾਰਾਏ , ਕੈਸ਼ੀਅਰ ਬਲਵੀਰ ਸਿੰਘ ਪੰਡੋਰੀ, ਅਮਰੀਕ ਸਿੰਘ ਬੂਲੇਵਾਲ , ਬਚਨ ਜੈਦ, ਲਵਲੀ ਗਿੱਲ, ਗੁਰਪ੍ਰੀਤ ਸਿੰਘ, ਹਰਜਿੰਦਰ ਚੱਕੋਕੀ, ਅਜੇ ਮਾਡਲ ਟਾਊਨ ਤੇ ਹੋਰ ਕਿਸਾਨ ਤੇ ਮਜ਼ਦੂਰ ਆਗੂ ਹਾਜ਼ਰ ਸਨ |
ਨਗਰ ਪੰਚਾਇਤ ਢਿਲਵਾਂ ਦੇ ਬਾਜ਼ਾਰ ਬੰਦ ਰਹੇ
ਢਿਲਵਾਂ, (ਗੋਬਿੰਦ ਸੁਖੀਜਾ)- ਸਫ਼ਾਈ ਸੇਵਕ ਯੂਨੀਅਨ ਦੇ ਪੰਜਾਬ ਬੰਦ ਸੱਦੇ ’ਤੇ ਨਗਰ ਪੰਚਾਇਤ ਢਿਲਵਾਂ ਸ਼ਹਿਰ ਦੇ ਬਾਜ਼ਾਰ ਰਹੇ ਬੰਦ | ਸਫ਼ਾਈ ਕਾਮਿਆਂ ਨੂੰ ਉਸ ਵੇਲੇ ਹੋਰ ਵੀ ਬੱਲ ਮਿਲਿਆਂ ਜਦੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਬੰਦ ਦੀ ਡਟਵੀਂ ਹਮਾਇਤ ਕਰਦਿਆਂ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਗਈ | ਆਗੂਆਂ ਵੱਲੋਂ ਦੁਕਾਨਦਾਰਾਂ, ਵਪਾਰ ਮੰਡਲ, ਹੋਰ ਕਾਰੋਬਾਰੀਆਂ ਅਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਸਫ਼ਾਈ ਸੇਵਕਾਂ ਦੇ ਆਗੂ ਪ੍ਰਧਾਨ ਸੋਨੂੰ ਢਿਲਵਾਂ, ਅਸ਼ੋਕ, ਸੋਨੂੰ, ਸ਼ਿਵ ਚਰਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਭੰਡਾਲ, ਪਰਮਜੀਤ ਸਿੰਘ,ਸਜਣ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਢਿਲਵਾਂ ਪੁਲਿਸ ਵੱਲੋਂ ਥਾਣਾ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ |
ਬੰਦ ਕਾਲ ਦਾ ਨਡਾਲਾ ‘ਚ ਰਿਹਾ ਵਿਆਪਕ ਅਸਰ
ਨਡਾਲਾ, (ਰਘਬਿੰਦਰ ਸਿੰਘ)-ਸਫ਼ਾਈ ਕਰਮਚਾਰੀਆਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਕਸਬਾ ਨਡਾਲਾ ਵਿਚ ਵਿਆਪਕ ਅਸਰ ਦੇਖਣ ਨੂੰ ਮਿਲਿਆ | ਬੰਦ ਦੇ ਸੱਦੇ ਨੂੰ ਮਿਲੇ ਸਮਰਥਨ ਕਾਰਨ ਨਡਾਲਾ ਦੇ ਮੁੱਖ ਬਾਜ਼ਾਰ, ਦੁਕਾਨਾਂ ਅਤੇ ਵਪਾਰਕ ਅਦਾਰੇ ਦਿਨ ਭਰ ਬੰਦ ਰਹੇ, ਜਿਸ ਕਾਰਨ ਕਸਬੇ ਵਿਚ ਆਮ ਦਿਨਾਂ ਦੇ ਮੁਕਾਬਲੇ ਸੁੰਨਸਾਨ ਮਾਹੌਲ ਬਣਿਆ ਰਿਹਾ |ਇਸ ਮੌਕੇ ਸਫ਼ਾਈ ਸੇਵਕਾਂ ਨੇ ਨਡਾਲਾ ਵਿਚ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਨੇ ਬਰਨਾਲਾ ਵਿਚ ਸਫ਼ਾਈ ਕਰਮਚਾਰੀਆਂ ‘ਤੇ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ |ਇਸ ਦੌਰਾਨ ਸਫ਼ਾਈ ਕਾਮਿਆਂ ਤੇ ਮਿਉਂਸੀਪਲ ਕਾਮਿਆਂ ਨੂੰ ਉਸ ਵੇਲੇ ਹੋਰ ਵੀ ਬੱਲ ਮਿਲਿਆਂ ਜਦੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬ ਬੰਦ ਦੀ ਡਟਵੀਂ ਹਮਾਇਤ ਕਰਦਿਆਂ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਗਈ | ਹਾਲਾਂਕਿ ਬੰਦ ਦੇ ਦੌਰਾਨ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ | ਕਸਬੇ ਦੇ ਸਕੂਲ, ਬੈਂਕ, ਮੈਡੀਕਲ ਸਟੋਰ, ਹਸਪਤਾਲ ਅਤੇ ਹੋਰ ਸਿਹਤ ਸਹੂਲਤਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ | ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਰਹੇ ਅਤੇ ਉੱਥੇ ਰੋਜ਼ਾਨਾ ਦੀ ਤਰ੍ਹਾਂ ਕੰਮਕਾਜ ਜਾਰੀ ਰਿਹਾ | ਦੂਜੇ ਪਾਸੇ ਬੰਦ ਕਾਰਨ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ ‘ਤੇ ਵੀ ਅਸਰ ਪਿਆ | ਦਿਨ ਭਰ ਬਾਜ਼ਾਰਾਂ ਵਿਚ ਗਾਹਕਾਂ ਦੀ ਆਵਾਜਾਈ ਨਾ ਦੇ ਬਰਾਬਰ ਰਹੀ ਅਤੇ ਸੜਕਾਂ ‘ਤੇ ਵੀ ਆਮ ਦਿਨਾਂ ਦੇ ਮੁਕਾਬਲੇ ਘੱਟ ਭੀੜ ਨਜ਼ਰ ਆਈ | ਵਪਾਰੀਆਂ ਨੇ ਬੰਦ ਦੇ ਸੱਦੇ ਨੂੰ ਦੇਖਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ | ਸ਼ਾਮ ਦੇ ਸਮੇਂ ਸਥਿਤੀ ਹੌਲੀ-ਹੌਲੀ ਆਮ ਹੋਣੀ ਸ਼ੁਰੂ ਹੋਈ| ਇਸ ਮੌਕੇ ਸਫ਼ਾਈ ਸੇਵਕਾਂ ਦੇ ਆਗੂ ਪ੍ਰਧਾਨ ਧਰਮਵੀਰ ਨਡਾਲਾ, ਸਟੀਫਨ ਕਾਲਾ, ਸਿਮਰ ਪ੍ਰਧਾਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਭੰਡਾਲ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਟਰਿੰਗ ਦਾ ਕੰਮ ਕਰਦਾ ਮਜ਼ਦੂਰ ਛੱਤ ਤੋਂ ਹੇਠਾਂ ਡਿਗ ਕੇ ਹੋਇਆ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਲੋਕ ਅਦਾਲਤ ਦੇ ਹੁਕਮਾਂ ਦੀ ਅਣਦੇਖੀ ਗਮਾਡਾ ਨੂੰ ਪਈ ਮਹਿੰਗੀ
Ad Position 24
No active advertisement