ਕਪੂਰਥਲਾ, 30 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਸੀ.ਆਈ.ਏ. ਸਟਾਫ਼ ਕਪੂਰਥਲਾ ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮਾਂ ਨੇ ਪਿੰਡ ਸ਼ਾਹਜਹਾਨਪੁਰ ਥਾਣਾ ਸੁਲਤਾਨਪੁਰ ਲੋਧੀ ਵਿਖੇ ਹਰਜਿੰਦਰ ਸਿੰਘ ਪੁੱਤਰ ਮੱਸਾ ਰਾਮ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਵਾਲੇ ਮੁੱਖ ਸ਼ੂਟਰ ਹਰਵਿੰਦਪਾਲ ਮੱਟੂ ਉਰਫ ਇੰਦੂ ਵਾਸੀ ਤਲਵੰਡੀ ਮਾਧੋ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੂੰ ਬੀਤੇ ਦਿਨ ਗਿ੍ਫ਼ਤਾਰ ਕਰਕੇ ਜੱਗਾ ਫੂਕੀਵਾਲਾ ਗੈਂਗ ਦਾ ਪਰਦਾਫਾਸ਼ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਗਿੱਲ ਐਸ.ਪੀ. ਡੀ. ਕਪੂਰਥਲਾ ਨੇ ਦੱਸਿਆ ਕਿ ਸਹਾਇਕ ਐਸ.ਪੀ. ਧੀਰੇਂਦਰਾ ਵਰਮਾ ਦੀ ਨਿਗਰਾਨੀ ਹੇਠ ਥਾਣਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ ਇੰਸਪੈਕਟਰ ਰਮਨ ਕੁਮਾਰ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਦਵਿੰਦਰਪਾਲ ਦੀ ਅਗਵਾਈ ਵਾਲੀਆਂ ਪੁਲਿਸ ਟੀਮਾਂ ਨੇ ਮੁੱਖ ਸ਼ੂਟਰ ਹਰਵਿੰਦਪਾਲ ਮੱਟੂ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਇਕ ਪਿਸਟਲ ਗਲੋਕ ਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਐਸ.ਪੀ. ਨੇ ਦੱਸਿਆ ਕਿ 1 ਨਵੰਬਰ 2025 ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਹਰਜਿੰਦਰ ਸਿੰਘ ਪੁੱਤਰ ਮੱਸਾ ਰਾਮ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ‘ਤੇ ਫਾਇਰ ਕੀਤੇ ਸਨ ਤੇ ਇਸ ਘਟਨਾ ਨੂੰ ਮੁੱਖ ਰੱਖਦਿਆਂ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ | ਉਨ੍ਹਾਂ ਕਿਹਾ ਕਿ ਹਿਊਮਨ ਤੇ ਟੈਕਨੀਕਲ ਸੋਰਸਾਂ ਰਾਹੀਂ ਇਸ ਵਾਰਦਾਤ ਦੀ ਰੇਕੀ ਕਰਨ ਵਾਲੇ ਬਿਕਰਮਜੀਤ ਸਿੰਘ ਉਰਫ ਬਿੱਕੀ ਵਾਸੀ ਸ਼ਾਹਜਹਾਨਪੁਰ ਨੇ ਪੁਲਿਸ ਨੇ 24 ਘੰਟੇ ਅੰਦਰ ਗਿ੍ਫ਼ਤਾਰ ਕਰ ਲਿਆ ਸੀ ਤੇ ਬਾਅਦ ਵਿਚ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਅਜੇ ਉਰਫ ਬਿੱਲਾ ਵਾਸੀ ਸ਼ਾਹਜਹਾਨਪੁਰ ਨੂੰ ਕਾਬੂ ਕਰਕੇ ਇਸ ਵਾਰਦਾਤ ਵਿਚ ਵਰਤਿਆ 30 ਬੋਰ ਦਾ ਦੇਸੀ ਪਿਸਟਲ ਬਰਾਮਦ ਕਰਕੇ ਇਸ ਮਾਮਲੇ ਵਿਚ 12 ਦੋਸ਼ੀ ਨਾਮਜ਼ਦ ਕੀਤੇ ਗਏ ਸਨ | ਐਸ.ਪੀ. ਡੀ. ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਵਾਰਦਾਤ ਨੂੰ ਵਿਦੇਸ਼ ਵਿਚ ਬੈਠੇ ਜਗਦੀਪ ਸਿੰਘ ਉਰਫ ਜੱਗਾ ਫੂਕੀਵਾਲਾ ਸ਼ਾਹਜਹਾਨਪੁਰ ਵਲੋਂ ਆਪਣੇ ਸਾਥੀਆਂ ਰਾਹੀਂ ਅੰਜਾਮ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ 10 ਕਥਿਤ ਦੋਸ਼ੀ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹੁਣ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਮੁੱਖ ਸ਼ੂਟਰ ‘ਤੇ ਥਾਣਾ ਦੋਰਾਹਾ ਜ਼ਿਲ੍ਹਾ ਖੰਨਾ ਤੇ ਥਾਣਾ ਸਦਰ ਹੁਸ਼ਿਆਰਪੁਰ ਵਿਚ ਵੱਖ-ਵੱਖ ਦੋ ਮਾਮਲੇ ਦਰਜ ਹਨ |
ਪਿੰਡ ਸ਼ਾਹਜਹਾਨਪੁਰ ’ਚ ਗੋਲੀਆਂ ਚਲਾਉਣ ਵਾਲੇ ਜੱਗਾ ਫੂਕੀਵਾਲਾ ਗੈਂਗ ਦਾ ਮੁੱਖ ਸ਼ੂਟਰ ਗਿ੍ਫ਼ਤਾਰ-ਹਰਿੰਦਰ ਸਿੰਘ ਗਿੱਲ
ਅਜੀਤ ਡੈਸਕ
31-07-2026