ਅੰਬੇਡਕਰ ਸੈਨਾ ਨੇ ਐੱਲ.ਪੀ.ਯੂ. ’ਚ ਵਿਦਿਆਰਥੀ ਸੰਗਠਨ ਦੀ ਚੋਣ ਸੰਬੰਧੀ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ
ਫਗਵਾੜਾ, 5 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਅੰਬੇਡਕਰ ਸੈਨਾ ਪੰਜਾਬ ਵਲੋਂ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ.
ਫਗਵਾੜਾ, 5 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਅੰਬੇਡਕਰ ਸੈਨਾ ਪੰਜਾਬ ਵਲੋਂ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਵਿਖੇ ਵਿਦਿਆਰਥੀ ਸੰਗਠਨ ਦੀ ਚੋਣ ਕਰਵਾਉਣ ਸਮੇਤ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਸਪਸ਼ਟ ਤੇ ਪਾਰਦਰਸ਼ੀ ਪ੍ਰਤੀਨਿਧੀ ਪ੍ਰਣਾਲੀ ਬਣਾਉਣ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਂਅ ਇੱਕ ਮੰਗ ਪੱਤਰ ਏ.ਡੀ.ਸੀ. ਫਗਵਾੜਾ ਰਣਦੀਪ ਸਿੰਘ ਹੀਰ ਨੂੰ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਸੁਰਿੰਦਰ ਢੰਡਾ, ਰਾਮ ਮੂਰਤੀ ਖੇੜਾ, ਸੁਖਵਿੰਦਰ ਸਿੰਘ ਸ਼ੇਰਗਿੱਲ ਤੇ ਪਰਮਿੰਦਰ ਬੋਧ ਨੇ ਦੱਸਿਆ ਕਿ 26-27 ਸਤੰਬਰ ਨੂੰ ਐੱਲ.ਪੀ.ਯੂ. ਵਿਖੇ ਵਾਪਰੀ ਘਟਨਾ ਤੋਂ ਬਾਅਦ ਪੈਦਾ ਹੋਈ ਸਥਿਤੀ ਨੇ ਵਿਦਿਆਰਥੀਆਂ ਦੀ ਆਵਾਜ਼ ਸੁਣਨ ਲਈ ਇੱਕ ਪ੍ਰਭਾਵਸ਼ਾਲੀ ਪ੍ਰਣਾਲੀ ਦੀ ਲੋੜ ਨੂੰ ਉਜਾਗਰ ਕੀਤਾ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਪੜ੍ਹ ਰਹੇ ਹਨ | ਜੇਕਰ ਕਿਸੇ ਵਿਦਿਆਰਥੀ ਜਾਂ ਵਿਦਿਆਰਥੀਆਂ ਦੇ ਸਮੂਹ ਨੂੰ ਕਿਸੇ ਮਸਲੇ ਸਬੰਧੀ ਸ਼ਿਕਾਇਤ ਜਾਂ ਰੋਸ ਹੋਵੇ ਅਤੇ ਆਪਣੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਕੋਈ ਮਾਨਤਾ ਪ੍ਰਾਪਤ ਮੰਚ ਨਾ ਹੋਵੇ ਤਾਂ ਛੋਟਾ ਮਸਲਾ ਵੀ ਵੱਡੀ ਭੀੜ ਅਤੇ ਤਣਾਅ ਦਾ ਰੂਪ ਧਾਰ ਸਕਦਾ ਹੈ | ਆਗੂਆਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਸੰਗਠਨਾਤਮਿਕ ਪੱਧਰ ’ ਤੇ ਯੂਨੀਵਰਸਿਟੀ ਪ੍ਰਬੰਧਕਾਂ ਅੱਗੇ ਪੁਖ਼ਤਾ ਢੰਗ ਨਾਲ ਚੁੱਕਣ ਵਾਲੀ ਕੋਈ ਸੰਸਥਾ ਹੁੰਦੀ ਤਾਂ ਅਜਿਹੇ ਭਿਆਨਕ ਹਾਲਤ ਬਣਨ ਦੀ ਨੌਬਤ ਨਹੀਂ ਆਉਣੀ ਸੀ | ਉਨ੍ਹਾਂ ਨੇ ਮੰਗ ਕੀਤੀ ਕਿ ਐੱਲ.ਪੀ.ਯੂ. ਵਿਚ ਨਿਯਮਤ ਵਿਦਿਆਰਥੀ ਸੰਗਠਨ ਜਾਂ ਪ੍ਰਤੀਨਿਧੀ ਪ੍ਰਣਾਲੀ ਬਣਾਈ ਜਾਵੇ ਅਤੇ ਇਸ ਲਈ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਈ ਜਾਵੇ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਇਨ੍ਹਾਂ ਸੁਝਾਵਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੀ ਜਾਇਜ਼ ਆਵਾਜ਼ ਲਈ ਇੱਕ ਜਵਾਬਦੇਹ ਤੇ ਪ੍ਰਭਾਵਸ਼ਾਲੀ ਪ੍ਰਣਾਲੀ ਲਾਗੂ ਕਰਨ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ |