ਪਾਕਿਸਤਾਨੀ ਨੰਬਰ ਤੋਂ ਪੈਟਰੋਲ ਬੰਬ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਵਟਸਐਪ ਸੁਨੇਹੇ ਮਿਲੇ
ਫਗਵਾੜਾ, 13 ਅਕਤੂਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਪਿੰਡ ਭਾਣੋਕੀ ਦੇ ਵਸਨੀਕ ਤੇ ਸੋਸ਼ਲ ਮੀਡੀਆ ਨਾਲ ਜੁੜੇ ਸਥਾਨਕ ਪੱਤਰਕਾਰ ਪੰਕਜ ਨੂੰ ਮੰਗਲਵਾਰ ਨੂੰ ਪਾਕਿਸਤਾਨੀ ਨੰਬਰ ਤੋਂ ਵੱਟਸਐਪ ਸੁਨੇਹੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਤਨਾਮਪੁਰਾ ਅਧੀਨ ਆਉਂਦੇ ਪਿੰਡ ਭਾਣੋਕੀ ਦੇ ਵਸਨੀਕ ਪੰਕਜ ਦੇ ਮੋਬਾਈਲ ਫੋਨ ’ਤੇ +92 3055131129 ਨੰਬਰ ਤੋਂ ਸੁਨੇਹੇ ਭੇਜੇ ਗਏ | ਇਨ੍ਹਾਂ ਸੁਨੇਹਿਆਂ ’ਚ ਮਲਿਕ ਐਕੈਕਸ ਗਰੁੱਪ ਨਾਮ ਨਾਲ ਆਪਣੀ ਪਛਾਣ ਦੱਸਣ ਵਾਲੇ ਵਿਅਕਤੀ ਜਾਂ ਗਰੁੱਪ ਵਲੋਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਲੁਬਾਣਾ ’ਚ ਅਨਵਰ ਕੁਮਾਰ ਦੇ ਘਰ ’ਤੇ ਪੈਟਰੋਲ ਬੰਬ ਸੁੱਟਣ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਵਟਸਐਪ ਸੁਨੇਹਿਆਂ ’ਚ ਕਥਿਤ ਹਮਲੇ ਸੰਬੰਧੀ ਦਾਅਵਾ ਕੀਤਾ ਗਿਆ ਹੈ ਤੇ ਇਸ ਸਬੰਧੀ ਕਾਪੀਆਂ ਵੀ ਹਵਾਲੇ ਵਜੋਂ ਦਿੱਤੀਆਂ ਗਈਆਂ ਹਨ | ਘਟਨਾ ਸੰਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ |
ਅਜੀਤ ਡੈਸਕ
14-10-2026