ਜ਼ੀਰਕਪੁਰ, 31 ਮਈ (ਹੈਪੀ ਪੰਡਵਾਲਾ)-ਏਅਰੋਸਿਟੀ ਸੜ੍ਹਕ 'ਤੇ ਸਥਿਤ ਪਿੰਡ ਨਾਰਾਇਣਗੜ੍ਹ ਝੂੰਗੀਆਂ ਵਿਖੇ ਇਕ ਟਿੱਪਰ ਥੱਲੇ੍ਹ ਆਉਣ ਨਾਲ ਸਾਢੇ 3 ਸਾਲਾਂ ਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਮਗਰੋਂ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਸੰਜੈ ਕੁਮਾਰ ਵਾਸੀ ਕਿਰਾਏਦਾਰ ਪਿੰਡ ਨਾਰਾਇਣਗੜ੍ਹ ਝੁੰਗੀਆਂ ਨੇ ਦੱਸਿਆ ਕਿ ਉਸਦੀ ਸਾਢੇ 3 ਸਾਲ ਦੀ ਲੜਕੀ ਉੱਨਤੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਆਂਗਣਵਾੜੀ ਸੈਂਟਰ 'ਚ ਗਈ ਸੀ | ਜਾਂਚ ਅਧਿਕਾਰੀ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਬੱਚੀ ਬਿਨ੍ਹਾਂ ਕਿਸੇ ਨੂੰ ਦੱਸੇ ਸਕੂਲ ਤੋਂ ਬਾਹਰ ਆ ਗਈ | ਇਸ ਦੌਰਾਨ ਬੱਚੀ ਇਕ ਰੇਤ ਦੇ ਭਰੇ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ 'ਚ ਆ ਗਈ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਅਨੁਸਾਰ ਇਸ ਮਾਮਲੇ 'ਚ ਆਂਗਣਵਾੜੀ ਸੈਂਟਰ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਬੱਚੀ ਸਕੂਲ ਤੋਂ ਬਾਹਰ ਕਿਵੇਂ ਆ ਗਈ | ਉਨ੍ਹਾਂ ਦੱਸਿਆ ਕਿ ਟਿੱਪਰ ਮਾਲਕਾਂ ਦਾ ਤਾਂ ਪਤਾ ਲੱਗ ਗਿਆ ਹੈ, ਪਰ ਕੱਲ ਸਵੇਰੇ ਸਕੂਲ ਦੀ ਸੀ. ਸੀ. ਟੀ. ਵੀ. ਫੁਟੇਜ਼ ਦੇਖ ਕੇ ਹੀ ਟਰੱਕ ਡਰਾਈਵਰ ਦੀ ਸ਼ਨਾਖਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ |