ਪੰਚਕੂਲਾ, 31 ਮਈ (ਕਪਿਲ)-ਹਰਿਆਣਾ ਸਿਹਤ ਵਿਭਾਗ ਨੇ ਪੰਚਕੂਲਾ ਸਿਵਲ ਹਸਪਤਾਲ ਵਿਚ ਸੰਸਾਰ ਤੰਬਾਕੂ ਵਿਰੋਧੀ ਦਿਵਸ ਮੌਕੇ ਇਕ ਪ੍ਰੋਗਰਾਮ ਆਯੋਜਿਤ ਕੀਤਾ | ਪ੍ਰੋਗਰਾਮ ਵਿਚ ਕੌਮੀ ਸਿਹਤ ਮਿਸ਼ਨ ਦੀ ਮਿਸ਼ਨ ਡਾਇਰੈਕਟਰ ਅਮਨੀਤ ਪੀ ਕੁਮਾਰ ਨੇ ਹਾਜ਼ਰੀ ਭਰਦਿਆਂ ਜਾਗਰੂਕਤਾ ਲਈ ਜਾਗਰੂਕਤਾ ਕਾਰ ਅਤੇ ਬੱਸ ਨੂੰ ਰਵਾਨਾ ਕੀਤਾ | ਇਸ ਬੱਸ ਅਤੇ ਕਾਰ ਦੇ ਜ਼ਰੀਏ ਡਾਕਟਰ ਲੋਕਾਂ ਕੋਲ ਜਾਣਗੇ ਅਤੇ ਲੋਕਾਂ ਨੂੰ ਤੰਬਾਕੂ ਨਾਲ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਦੇਣਗੇ | ਇਸ ਦੌਰਾਨ ਰਾਸ਼ਟਰੀ ਸਿਹਤ ਮਿਸ਼ਨ ਦੀ ਮਿਸ਼ਨ ਡਾਇਰੈਕਟਰ ਅਮਨੀਤ ਪੀ ਕੁਮਾਰ ਨੇ ਦੱਸਿਆ ਕਿ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਲਈ ਹਰਿਆਣਾ ਸਿਹਤ ਵਿਭਾਗ ਵਲੋਂ ਅਭਿਆਨ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੰਬਾਕੂ ਤੋਂ ਬਚਣਾ ਚਾਹੀਦਾ ਹੈ | ਤੰਬਾਕੂ ਖਾਣ ਵਾਲੇ ਦੇ ਨਾਲ-ਨਾਲ ਉਸਦੇ ਪਰਿਵਾਰ 'ਤੇ ਵੀ ਤੰਬਾਕੂ ਦਾ ਬੁਰਾ ਅਸਰ ਪੈਂਦਾ ਹੈ | ਇਸ ਨਾਲ ਕੈਂਸਰ ਦੇ ਅਲਾਵਾ ਹੋਰ ਗੰਭੀਰ ਬਿਮਾਰੀਆਂ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਤੰਬਾਕੂ ਦਾ ਅਸਰ ਓਰਲ ਕੈਂਸਰ ਦੇ ਰੂਪ ਵਿਚ ਦੇਖਣ ਨੂੰ ਮਿਲਦਾ ਹੈ |