ਐੱਸ. ਏ. ਐੱਸ. ਨਗਰ, 9 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਡੀ. ਪੀ. ਆਈ. (ਸ. ਸ.) ਵਲੋਂ ਮਨੀਸ਼ਾ ਰਾਣੀ ਪੰਜਾਬੀ ਮਿਸਟ੍ਰੈੱਸ ਨੂੰ ਤਤਕਾਲ ਸਮੇਂ ਤੋਂ ਸਰਕਾਰੀ ਸੇਵਾ ਤੋਂ ਹਟਾਇਆ ਗਿਆ ਹੈ | ਡੀ. ਪੀ. ਆਈ. (ਸ. ਸ.) ਸੁਖਜੀਤਪਾਲ ਸਿੰਘ ਵਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ (ਮਾਨਸਾ) ਦੀ ਪੰਜਾਬੀ ਮਿਸਟ੍ਰੈੱਸ ਮਨੀਸ਼ਾ ਰਾਣੀ ਵਲੋਂ ਮਾਰਚ-2019 ਵਿਚ ਆਪਣੇ ਪਤੀ ਹੀਰਾ ਲਾਲ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਪੁਰ ਖੁਰਦ (ਹੁਸ਼ਿਆਰਪੁਰ) ਨਾਲ ਆਪਸੀ ਬਦਲੀ ਕਰਵਾਈ ਗਈ ਸੀ ਪਰ ਹੀਰਾ ਲਾਲ ਪੰਜਾਬੀ ਮਾਸਟਰ ਵਲੋਂ ਆਮ ਬਦਲੀਆਂ ਵਿਚ ਆਨ-ਲਾਈਨ ਅਪਲਾਈ ਕਰਨ ਸਮੇਂ ਇਹ ਤੱਥ ਛੁਪਾ ਕੇ ਅਤੇ ਵਿਭਾਗ ਨੂੰ ਗੰੁਮਰਾਹ ਕਰਕੇ ਆਪਣੀ ਬਦਲੀ ਸਰਕਾਰੀ ਮਿਡਲ ਸਕੂਲ ਸਰਦੂਲੇ ਵਾਲਾ ਮਾਨਸਾ ਵਿਖੇ ਕਰਵਾਈ ਗਈ ਸੀ | ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਸਭ ਕੁਝ ਮਨੀਸ਼ਾ ਰਾਣੀ ਪੰਜਾਬੀ ਮਿਸਟ੍ਰੈੱਸ ਦੇ ਧਿਆਨ ਵਿਚ ਹੁੰਦੇ ਹੋਏ ਵੀ ਉਸ ਨੇ ਅਜਿਹਾ ਕਰਕੇ ਵਿਭਾਗ ਨੂੰ ਗੁੰਮਰਾਹ ਕਰਨ ਦਾ ਗੁਨਾਹ ਕੀਤਾ ਹੈ ਅਤੇ ਇਸ ਨੇ ਅਧਿਆਪਕ ਹੁੰਦੇ ਹੋਏ ਇਕ ਅਧਿਆਪਕ ਦੀ ਛਵੀ ਨੂੰ ਖ਼ਰਾਬ ਕੀਤਾ ਹੈ, ਇਸ ਲਈ ਇਸ ਦੀਆਂ ਸੇਵਾਵਾਂ ਖ਼ਤਮ ਕਰਨ ਤੋਂ ਪਹਿਲਾਂ ਇਸ ਨੂੰ 2 ਅਗਸਤ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ | ਨਿੱਜੀ ਸੁਣਵਾਈ ਦੌਰਾਨ ਮਨੀਸ਼ਾ ਰਾਣੀ ਵਲੋਂ ਇਹ ਕਬੂਲ ਕੀਤਾ ਗਿਆ ਸੀ ਕਿ ਉਸ ਨੂੰ ਆਪਣੇ ਪਤੀ ਹੀਰਾ ਲਾਲ ਵਲੋਂ ਬਦਲੀ ਲਈ ਅਪਲਾਈ ਕਰਨ ਦੀ ਜਾਣਕਾਰੀ ਸੀ ਪਰ ਉਸ ਨੇ ਇਸ ਸਬੰਧੀ ਵਿਭਾਗ ਨੂੰ ਸੂਚਿਤ ਨਹੀਂ ਕੀਤਾ | ਜਾਰੀ ਹੁਕਮਾਂ ਅਨੁਸਾਰ ਨਿੱਜੀ ਸੁਣਵਾਈ ਉਪਰੰਤ ਡੀ. ਪੀ. ਆਈ. (ਸ. ਸ.) ਇਸ ਨਤੀਜੇ 'ਤੇ ਪਹੁੰਚੇ ਕੇ ਮਨੀਸ਼ਾ ਰਾਣੀ ਨੇ ਵਿਭਾਗ ਨੂੰ ਜਾਣ ਬੱੁਝ ਕੇ ਗੁੰਮਰਾਹ ਕੀਤਾ ਹੈ ਅਤੇ ਅਧਿਆਪਕ ਦੀ ਛਵੀ ਨੂੰ ਖ਼ਰਾਬ ਕੀਤਾ ਹੈ | ਇਹ ਕਰਮਚਾਰਨ ਅਜੇ ਪਰਖ ਕਾਲ ਸਮੇਂ 'ਤੇ ਹੈ, ਇਸ ਲਈ ਇਸ ਨੂੰ ਪੰਜਾਬ ਸਿਵਲ ਸੇਵਾ (ਸਜ਼ਾ ਤੇ ਅਪੀਲ) ਨਿਯਮਾਂਵਲੀ 1970 ਦੀ ਧਾਰਾ-8 ਦੇ ਨਿਯਮ 5 ਵਿਚ ਦਰਸਾਈਆਂ ਗਈਆਂ ਸਜ਼ਾਵਾਂ ਅਨੁਸਾਰ ਤਤਕਾਲ ਸਮੇਂ ਤੋਂ ਸਰਕਾਰੀ ਸੇਵਾ ਤੋਂ ਹਟਾਇਆ ਜਾਂਦਾ ਹੈ |