ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)-ਰਾਸ਼ਟਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵਲੋਂ ਸੈਕਟਰ 70 ਵਿਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਲਗਾ ਕੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ | ਕੈਂਪ ਦੌਰਾਨ ਕਿ੍ਸ਼ੀ ਵਿਗਿਆਨ ਕੇਂਦਰ ਤੋਂ ਆਏ ਡਾ. ਪਿ੍ਯੰਕਾ ਨੇ ਫਸਲੀ ਵੰਨ-ਸੁਵੰਨਤਾ ਬਾਰੇ ਕਿਸਾਨਾਂ ਨੂੰ ਦੱਸਿਆ ਅਤੇ ਪਰਾਲੀ ਨੂੰ ਆਪਣੇ ਖੇਤਾਂ ਵਿਚ ਵਾਹ ਕੇ ਯੂਰੀਆ ਦੀ ਵੱਧ ਵਰਤੋਂ ਰੋਕਣ ਲਈ ਪ੍ਰੇਰਿਆ | ਖੇਤੀਬਾੜੀ ਅਫ਼ਸਰ ਗੁਰਦਿਆਲ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਨਾ ਹੈ ਅਤੇ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਉੱਤੇ ਪਾਬੰਦੀ ਲਾਈ ਹੋਈ ਹੈ | ਇਸ ਮੌਕੇ ਡੀ.ਡੀ.ਐਮ. ਜ਼ਿਲ੍ਹਾ ਵਿਕਾਸ ਅਧਿਕਾਰੀ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਵਿਚ ਵਾਹ ਕੇ ਜਿੱਥੇ ਵਾਤਾਵਰਨ ਦਾ ਨੁਕਸਾਨ ਹੋਣ ਤੋਂ ਬਚਦਾ ਹੈ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਮਿੱਤਰ ਕੀੜਿਆਂ ਦਾ ਵੀ ਬਚਾਅ ਹੁੰਦਾ ਹੈ | ਇਸ ਮੌਕੇ ਡਾਇਰੈਕਟਰ ਆਰਸੇਟੀ ਆਰ. ਕੇ. ਬਜਾਜ, ਐਲ.ਡੀ.ਐਮ. ਦਰਸ਼ਨ ਸੰਧੂ, ਪਿ੍ਥਵੀ ਬਾਵਾ, ਮੈਥਿਲੀ ਅਤੇ ਏ.ਜੀ.ਐਮ. ਪੰਜਾਬ ਨੈਸ਼ਨਲ ਬੈਂਕ ਐਚ. ਡੀ. ਬੱਬਰ ਵੀ ਹਾਜ਼ਰ ਸਨ | ਇਸ ਮੌਕੇ ਪਿੰਡਾਂ ਵਿਚ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਨੁਮਾਇੰਦੇ ਅਤੇ ਅਗਾਂਹਵਧੂ ਕਿਸਾਨਾਂ ਨੇ ਵੀ ਭਾਗ ਲਿਆ |