ਲਾਲੜੂ, 19 ਸਤੰਬਰ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਪੈਂਦੇ ਲੈਹਲੀ ਪੈਟਰੋਲ ਪੰਪ ਲਾਲੜੂ ਮੰਡੀ ਨੇੜੇ ਕਰੀਬ 25 ਸਾਲਾ ਅਣਪਛਾਤੇ ਇਕ ਨੌਜਾਵਾਨ ਦੀ ਕਿਸੇ ਨਾਮਾਲੂਮ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ | ਪੁਲਿਸ ਨੇ ਲਾਸ਼ ਨੂੰ ਸ਼ਨਾਖ਼ਤ ਲਈ ਅਗਲੇ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ | ਥਾਣਾ ਲਾਲੜੂ ਦੇ ਏ. ਐਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਲੈਹਲੀ ਪੈਟਰੋਲ ਪੰਪ ਲਾਲੜੂ ਮੰਡੀ ਨੇੜੇ ਇਕ ਅਣਪਛਾਤਾ ਨੌਜਵਾਨ ਪੈਦਲ ਸੜਕ ਕਿਨਾਰੇ ਜਾ ਰਿਹਾ ਸੀ ਅਤੇ ਇਸੇ ਦੌਰਾਨ ਉਸ ਨੂੰ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ | ਮਿ੍ਤਕ ਸਿਰ ਤੋਂ ਮੋਨਾ, ਰੰਗ ਗੋਰਾ ਅਤੇ ਉਸ ਨੇ ਲਾਲ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਲੋਅਰ ਪਹਿਨੀ ਹੋਈ ਹੈ | ਵੇਖਣ 'ਚ ਮਿ੍ਤਕ ਪ੍ਰਵਾਸੀ ਜਾਪਦਾ ਹੈ |