ਕੁਰਾਲੀ, 19 ਸਤੰਬਰ (ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਲਾਈ ਮੁਹਿੰਮ ਤਹਿਤ ਪਿਛਲੇ ਸਾਲ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਚ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ 14 ਫੀਸਦੀ ਕਮੀ ਆਈ ਹੈ | ਅਜਿਹੇ ਹੀ ਉਪਰਾਲੇ ਕਰ ਰਿਹਾ ਹੈ ਪਿੰਡ ਸ਼ਾਹਪੁਰ ਦਾ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਮੋਤਾ ਸਿੰਘ ਜਿਸ ਨੇ ਪਿਛਲੇ ਸੀਜ਼ਨ 'ਚ ਆਪਣੀ 10 ਏਕੜ ਅਤੇ ਹੋਰ ਕਿਸਾਨਾਂ ਦੀ 200 ਏਕੜ ਜ਼ਮੀਨ ਵਿਚ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਜ਼ਮੀਨ ਵਿਚ ਹੀ ਖਪਾਇਆ | ਸੁਖਵਿੰਦਰ ਸਿੰਘ ਨੇ ਉੱਦਮੀ ਕਿਸਾਨ ਸੁਸਾਇਟੀ ਸ਼ਾਹਪੁਰ ਨਾਂਅ ਦਾ ਆਪਣਾ ਕਿਸਾਨ ਗਰੁੱਪ ਵੀ ਬਣਾਇਆ ਹੋਇਆ ਹੈ, ਜਿਸ ਦੇ 11 ਮੈਂਬਰ ਹਨ | ਇਸ ਗਰੁੱਪ ਰਾਹੀਂ ਜਿੱਥੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਲਈ ਜਾਗਰੂਕ ਕੀਤਾ ਜਾਂਦਾ ਹੈ, ਉੱਥੇ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਖਪਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਬਸਿਡੀ ਉੱਤੇ ਦਿੱਤੀ ਗਈ ਆਧੁਨਿਕ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ | ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਚਾਰ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ | ਉਸ ਨੇ ਦੱਸਿਆ ਕਿ ਇਸ ਸਾਲ ਉਸ ਨੇ 9 ਏਕੜ ਵਿਚ ਝੋਨੇ ਦੀ ਬਿਜਾਈ ਕੀਤੀ ਹੈ, ਜਿਸ ਦੀ ਕਟਾਈ ਤੋਂ ਬਾਅਦ ਖੇਤ 'ਚ ਉਲਟਾਵਾਂ ਹਲ ਫੇਰ ਕੇ ਗਾਜਰਾਂ ਦੀ ਬਿਜਾਈ ਕੀਤੀ ਜਾਵੇਗੀ | ਮੁੱਖ ਖੇਤੀਬਾੜੀ ਅਫ਼ਸਰ ਹਰਪਾਲ ਸਿੰਘ ਨੇ ਕਿਹਾ ਕਿ ਕਿਸਾਨ ਸੁਖਵਿੰਦਰ ਸਿੰਘ ਵਾਂਗ ਬਾਕੀ ਕਿਸਾਨਾਂ ਨੂੰ ਵੀ ਆਧੁਨਿਕ ਖੇਤੀ ਦਾ ਰਸਤਾ ਅਪਨਾਉਣਾ ਚਾਹੀਦਾ ਹੈ |