ਖਿਜ਼ਰਾਬਾਦ, 19 ਸਤੰਬਰ (ਰੋਹਿਤ ਗੁਪਤਾ)-ਇੱਥੋਂ ਨੇੜਲੇ ਕਸਬਾ ਮਾਜਰੀ ਦੇ ਬਲਾਕ ਚੌਕ ਵਿਖੇ ਸਥਿਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਖੇ ਕੰਮ ਕਰ ਰਹੇ ਮਗਨਰੇਗਾ ਕਰਮਚਾਰੀ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਸੱਦੇ 'ਤੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਅੱਜ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮਗਨਰੇਗਾ ਕਰਮਚਾਰੀਆਂ ਨੇ ਦੱਸਿਆ ਕਿ ਉਹ ਪਿਛਲੇ 8-10 ਸਾਲਾਂ ਤੋਂ ਇਸ ਵਿਭਾਗ ਵਿਚ ਲਗਾਤਾਰ ਕੰਮ ਕਰ ਰਹੇ ਹਨ, ਪ੍ਰੰਤੂ ਸਰਕਾਰ ਵਲੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੇਸ਼ੱਕ ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਸਮੇਂ-ਸਮੇਂ 'ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਪੰਚਾਇਤ ਵਿਭਾਗ ਵਿਚ ਸ਼ਾਮਿਲ ਕਰਕੇ ਪੱਕੇ ਕਰਨ ਦੀ ਮੰਗ ਸਬੰਧੀ ਸਰਕਾਰਾਂ ਨੂੰ ਪੱਤਰ ਭੇਜੇ ਜਾ ਚੁੱਕੇ ਹਨ, ਪ੍ਰੰਤੂ ਘੂਕ ਨੀਂਦ ਸੁੱਤੀ ਸਰਕਾਰ ਨੇ ਕਦੇ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇ ਕੇ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦ ਤੋਂ ਜਲਦ ਨਾ ਮੰਨੀਆਂ ਤਾਂ ਉਹ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਜ਼ਿਲ੍ਹਾ ਪੱਧਰ 'ਤੇ ਧਰਨੇ ਦੇਣ ਲਈ ਮਜ਼ਬੂਰ ਹੋਣਗੇ | ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਮੰਨਵਾ ਕੇ ਹੀ ਧਰਨਾ ਸਮਾਪਤ ਕਰਨਗੇ ਅਤੇ ਸਮੁੱਚੇ ਪੰਜਾਬ ਵਿਚ ਮਗਨਰੇਗਾ ਯੂਨੀਅਨ ਵਲੋਂ ਕਲਮ-ਛੋੜ ਹੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਆਪਣੀਆਂ ਮੰਗਾਂ ਮਨਵਾਉਣ ਲਈ ਭੁੱਖ ਹੜਤਾਲ ਅਤੇ ਮਰਨ ਵਰਤ ਰੱਖਣ ਦੀ ਚਿਤਾਵਨੀ ਵੀ ਦਿੱਤੀ | ਅੱਜ ਧਰਨੇ 'ਤੇ ਬੈਠੇ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪਰਮਜੀਤ ਸਿੰਘ ਅਬਿਆਣਾ, ਲਵਨੀਤ ਕੌਰ, ਗੁਰਦੀਪ ਸਿੰਘ ਝਿੰਗੜਾਂ, ਜਸਮੀਤ ਸਿੰਘ, ਬਲਜੀਤ ਸਿੰਘ, ਤਜਿੰਦਰ ਸਿੰਘ, ਬਲਵਿੰਦਰ ਸਿੰਘ ਲਾਡੀ, ਤਜਿੰਦਰ ਸਿੰਘ, ਜੈਕਬ, ਸੰਦੀਪ ਕੌਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ |