ਕੁਰਾਲੀ, 29 ਜਨਵਰੀ (ਹਰਪ੍ਰੀਤ ਸਿੰਘ)-ਪੰਜਾਬੀ ਲਿਖਾਰੀ ਸਭਾ ਵਲੋਂ ਸਭਾ ਦੇ ਪ੍ਰਧਾਨ ਕੁਲਵੰਤ ਮਾਵੀ ਦੀ ਪ੍ਰਧਾਨਗੀ ਹੇਠ ਸਥਾਨਕ ਖ਼ਾਲਸਾ ਸਕੂਲ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਚਰਨਜੀਤ ਕਤਰਾ ਦੀ ਪੁਸਤਕ 'ਬੱਚਿਆਂ ਦਾ ਪ੍ਰਣ' ਦੀ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ ਗੁਰਿੰਦਰ ਸਿੰਘ ਕਲਸੀ, ਸੁੱਚਾ ਸਿੰਘ ਅਧਰੇੜਾ, ਪਿ੍ੰਸੀਪਲ ਜਲੌਰ ਸਿੰਘ ਖੀਵਾ, ਕੁਲਵੰਤ ਸਿੰਘ ਮਾਵੀ ਅਤੇ ਗੁਰਦੀਪ ਸਿੰਘ ਵੜੈਚ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ | ਸਮਾਗਮ ਦੇ ਪਹਿਲੇ ਚਰਨ ਵਿਚ ਚਰਨਜੀਤ ਕਤਰਾ ਦੀ ਪੁਸਤਕ 'ਬੱਚਿਆਂ ਦਾ ਪ੍ਰਣ' ਦੀ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ ਡਾ: ਜਲੌਰ ਸਿੰਘ ਖੀਵਾ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਚਰਨਜੀਤ ਕਤਰਾ ਦੀ ਪੁਸਤਕ ਦੀ ਸ਼ਲਾਘਾ ਕੀਤੀ ਅਤੇ ਉਸਾਰੂ ਸਾਹਿਤ ਰਚੇ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਤੋਂ ਇਲਾਵਾ ਡਾ: ਰਜਿੰਦਰ ਸਿੰਘ ਨੇ ਪੁਸਤਕ ਬਾਰੇ ਪਰਚਾ ਪੜਿ੍ਹਆ, ਜਦਕਿ ਡਾ: ਜਲੌਰ ਸਿੰਘ ਖੀਵਾ, ਨਾਵਲਕਾਰ ਸੰਤਵੀਰ ਅਤੇ ਸਰੂਪ ਸਿਆਲਬੀ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕੀਤੇ | ਸਮਾਗਮ ਦੇ ਅਗਲੇ ਚਰਨ ਵਿਚ ਚੱਲੇ ਸਾਹਿਤਕ ਦੌਰ ਦੌਰਾਨ ਗੁਰਨਾਮ ਸਿੰਘ ਬਿਜਲੀ, ਹਰਦੀਪ ਗਿੱਲ, ਸੁੱਚਾ ਸਿੰਘ ਅਧਰੇੜਾ, ਸ਼ੀਤਲ ਸਹੌੜਾਂ ਨੇ ਗਜ਼ਲ, ਸਤਵਿੰਦਰ ਮੜੌਲਵੀ, ਕਰਮ ਸਿੰਘ, ਗੁਰਿੰਦਰ ਸਿੰਘ ਕਲਸੀ ਅਤੇ ਹੋਰਨਾਂ ਸਾਹਿਤਕਾਰਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਭਿੰਦਰ ਭਾਗੋਮਾਜਰਾ ਨੇ ਨਿਭਾਈ, ਜਦਕਿ ਅੰਤ ਵਿਚ ਸਭਾ ਦੇ ਪ੍ਰਧਾਨ ਕੁਲਵੰਤ ਮਾਵੀ ਨੇ ਸਭਨਾਂ ਦਾ ਧੰਨਵਾਦ ਕੀਤਾ |