ਐੱਸ. ਏ. ਐੱਸ. ਨਗਰ, 11 ਫਰਵਰੀ (ਕੇ. ਐੱਸ. ਰਾਣਾ)-ਪਿੰਡ ਸ਼ਾਹੀਮਾਜਰਾ ਵਾਰਡ ਨੰਬਰ 8 ਵਿਚ ਸੜਕ ਨੂੰ ਚੌੜਾ ਕਰਨ ਲਈ ਪੇਵਰ ਲਗਾਉਣ ਦੇ ਕੰਮ ਦਾ ਉਦਘਾਟਨ ਕੌਾਸਲਰ ਅਸ਼ੋਕ ਝਾਅ ਵਲੋਂ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕੌਾਸਲਰ ਝਾਅ ਨੇ ਕਿਹਾ ਇਸ ਕੰਮ 'ਤੇ ਲਗਪਗ 14 ਲੱਖ ਰੁਪਏ ਦੀ ਲਾਗਤ ਆਵੇਗੀ | ਉਨ੍ਹਾਂ ਦੱਸਿਆ ਕਿ ਪੀ. ਟੀ. ਐਲ. ਦੇ ਗੇਟ ਨੰਬਰ 4 ਦੇ ਸਾਹਮਣੇ ਤੋਂ ਲੈ ਕੇ ਸ਼ਾਹੀਮਾਜਰਾ ਤੱਕ ਸੜਕ ਨੂੰ ਚੌੜਾ ਕਰਕੇ ਪੇਵਰ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਇਸ ਸੜਕ ਉਪਰ ਨਜਾਇਜ ਕਬਜੇ ਹੋਣ ਕਰਕੇ ਸੜਕ ਦੀ ਚੌੜਾਈ ਘੱਟ ਸੀ, ਪਰ ਹੁਣ ਸੜਕ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਸੜਕ ਨੂੰ ਕਰੀਬ 40 ਫੁੱਟ ਚੌੜਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਸੜਕ ਤੰਗ ਹੋਣ ਕਾਰਨ ਇਸ ਸੜਕ 'ਤੇ ਜਾਮ ਵਰਗੀ ਸਥਿਤੀ ਬਣ ਜਾਂਦੀ ਸੀ ਅਤੇ ਕਈ ਵਾਰ ਵਾਹਨ ਚਾਲਕਾਂ ਵਿਚਾਲੇ ਝਗੜੇ ਹੋ ਜਾਂਦੇ ਸਨ, ਪਰ ਹੁਣ ਸੜਕ ਦੇ ਚੌੜਾ ਹੋਣ ਨਾਲ ਜਾਮ ਲੱਗਣ ਦੀ ਸਮੱਸਿਆ ਦੂਰ ਹੋ ਜਾਵੇਗੀ | ਇਸ ਮੌਕੇ ਫੇਜ਼-4 ਮੰਦਰ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਸ਼ਰਮਾ, ਰਾਮ ਰਤਨ ਸ਼ਰਮਾ, ਨਸੀਬ ਚੰਦ ਸ਼ਰਮਾ, ਰਣਬੀਰ ਸਿੰਘ ਤੇ ਸੁਰੇਸ਼ ਝਾਅ ਆਦਿ ਵੀ ਮੌਜੂਦ ਸਨ |