ਅਸਾਮ ਤੇ ਅਰੁਣਾਚਲ 'ਚ ਹੁਣ ਤੱਕ 19 ਮੌਤਾਂ
ਨਵੀਂ ਦਿੱਲੀ, 1 ਜੂਨ (ਏਜੰਸੀ)-ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਉੱਤਰ-ਪੂਰਬੀ ਸੂਬਿਆਂ ਅਸਾਮ, ਮਨੀਪੁਰ, ਸਿੱਕਮ, ਤਿ੍ਪੁਰਾ ਤੇ ਅਰੁਣਾਚਲ ਪ੍ਰਦੇਸ਼ 'ਚ ਕੁਦਰਤੀ ਆਫ਼ਤ ਦਾ ਖ਼ਤਰਾ ਗੰਭੀਰ ਰੂਪ ਧਾਰਨ ਕਰ ਗਿਆ ਹੈ | ਅਸਾਮ 'ਚ ਕਰੀਬ 10 ਪ੍ਰਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ ਤੇ 15 ਤੋਂ ਵੱਧ ਜ਼ਿਲਿ੍ਹਆਂ 'ਚ 78,000 ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ | ਸੂਬੇ 'ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ | ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ 'ਚ ਮੋਹਲੇਧਾਰ ਮੀਂਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ | ਸੂਬਾ ਸਰਕਾਰ ਨੇ ਮਿ੍ਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ | ਮੁੱਖ ਮੰਤਰੀ ਪੇਮਾ ਖਾਂਡੂ ਨੇ ਬੀਤੀ ਰਾਤ ਨੂੰ ਜਾਰੀ ਇਕ ਬਿਆਨ 'ਚ ਮੌਤਾਂ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਸੰਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਉਨ੍ਹਾਂ ਨੇ ਜਨਤਾ ਨੂੰ ਫਿਲਹਾਲ ਨਦੀਆਂ ਅਤੇ ਜਲ ਸਰੋਤਾਂ 'ਚ ਨਾ ਜਾਣ ਦੀ ਅਪੀਲ ਵੀ ਕੀਤੀ | ਮਨੀਪੁਰ 'ਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਤੇ ਪਿਛਲੇ 48 ਘੰਟਿਆਂ 'ਚ ਰਾਜ ਭਰ 'ਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 3,802 ਲੋਕ ਪ੍ਰਭਾਵਿਤ ਹੋਏ ਹਨ ਤੇ 883 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ | ਖੁਰਾਈ, ਹਿੰਗਾਂਗ ਤੇ ਚੇਕੋਂਗ ਖੇਤਰਾਂ 'ਚ ਨਦੀ ਦੇ ਬੰਨ੍ਹ ਟੁੱਟ ਜਾਣ ਤੇ ਓਵਰਫ਼ਲੋਅ ਹੋ ਜਾਣ ਕਾਰਨ ਰਾਜਧਾਨੀ ਇੰਫਾਲ ਤੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਕਈ ਖੇਤਰ ਡੁੱਬ ਗਏ ਹਨ | ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਇੰਫਾਲ ਦੇ ਡੁੱਬੇ ਹੋਏ ਖੇਤਰਾਂ ਦਾ ਦੌਰਾ ਕੀਤਾ, ਜਦੋਂ ਕਿ ਫੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਇੰਫਾਲ ਪੂਰਬ 'ਚ ਡੁੱਬੇ ਹੋਏ ਖੇਤਰਾਂ ਤੋਂ ਲਗਭਗ 800 ਲੋਕਾਂ ਨੂੰ ਬਚਾਇਆ | ਤਿ੍ਪੁਰਾ ਦੇ ਮੁੱਖ ਮੰਤਰੀ ਨੇ ਅੱਜ ਸਾਰੇ ਨਿਰਧਾਰਤ ਪ੍ਰੋਗਰਾਮ ਰੱਦ ਕਰਦੇ ਹੋਏ ਅਧਿਕਾਰੀਆਂ ਨਾਲ ਸਥਿਤੀ ਦੀ ਨਿਗਰਾਨੀ ਕੀਤੀ | ਤਿ੍ਪੁਰਾ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨੂੰ ਦੇਖਦੇ ਹੋਏ 28 ਰਾਹਤ ਕੈਂਪ ਖੋਲ੍ਹੇ ਹਨ, ਜਿਨ੍ਹਾਂ 'ਚ 6000 ਤੋਂ ਵੱਧ ਲੋਕਾਂ ਨੂੰ ਭੇਜਿਆ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀ ਰਾਜਧਾਨੀ ਅਗਰਤਲਾ 'ਚ ਜਲਥਲ ਇਲਾਕੇ 'ਚੋਂ ਲੰਘਦੇ ਇਕ ਵਿਅਕਤੀ ਦੀ ਮੈਨਹੋਲ 'ਚ ਡਿਗਣ ਕਾਰਨ ਮੌਤ ਹੋ ਗਈ | ਤਿ੍ਪੁਰਾ 'ਚ ਫਿਲਹਾਲ ਮੀਂਹ ਪੈਣ ਕਾਰਨ ਕੋਈ ਵੱਡਾ ਹੜ੍ਹ ਆਉਣ ਦੀ ਉਮੀਦ ਨਹੀਂ ਹੈ | ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਸਿੱਕਮ 'ਚ ਵੀ 1,500 ਸੈਲਾਨੀ ਫਸ ਗਏ ਹਨ | ਤੀਸਤਾ ਨਦੀ ਦੇ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ 'ਤੇ ਪਹੁੰਚਣ ਕਾਰਨ ਰੈਡ ਅਲਰਟ ਜਾਰੀ ਕੀਤਾ ਗਿਆ ਹੈ |
ਉੱਤਰ ਪੂਰਬੀ ਸੂਬਿਆਂ 'ਚ ਗੰਭੀਰ ਹੋਈ ਹੜ੍ਹਾਂ ਦੀ ਸਥਿਤੀ-ਲੱਖਾਂ ਲੋਕ ਪ੍ਰਭਾਵਿਤ
ਅਜੀਤ ਡੈਸਕ
02-06-2025