ਕਿਹਾ, ਸੂਬਾ ਸਰਕਾਰ ਵਲੋਂ ਸਮਰਥਿਤ ਸਨ ਮੁਰਸ਼ਿਦਾਬਾਦ ਦੰਗੇ
ਕੋਲਕਾਤਾ, 1 ਜੂਨ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੁਸਲਿਮ ਵੋਟ ਬੈਂਕ ਨੂੰ ਖੁਸ਼ ਕਰਨ ਲਈ ਆਪ੍ਰੇਸ਼ਨ ਸੰਧੂਰ ਤੇ ਵਕਫ਼ ਸੋਧ ਐਕਟ ਦਾ ਵਿਰੋਧ ਕਰ ਰਹੀ ਹੈ | ਪੱਛਮੀ ਬੰਗਾਲ ਦੇ ਆਪਣੇ ਦੋ ਦਿਨਾ ਦੌਰੇ ਦੇ ਪਹਿਲੇ ਦਿਨ ਅਮਿਤ ਸ਼ਾਹ ਨੇ ਕੋਲਕਾਤਾ ਵਿਖੇ ਵਿਜੇ ਸੰਕਲਪ ਪ੍ਰੋਗਰਾਮ 'ਚ ਪਾਰਟੀ ਵਰਕਰਾਂ ਨੂੰ ਕਿਹਾ ਕਿ ਮਮਤਾ ਅਜਿਹਾ ਕਰਕੇ ਦੇਸ਼ ਦੀਆਂ ਮਾਵਾਂ ਤੇ ਭੈਣਾਂ ਦਾ ਅਪਮਾਨ ਕਰ ਰਹੀ ਹੈ | ਰਾਜ ਦੀਆਂ ਮਾਵਾਂ ਤੇ ਭੈਣਾਂ ਪੱਛਮੀ ਬੰਗਾਲ 'ਚ 2026 ਦੀਆਂ ਵਿਧਾਨ ਸਭਾ ਚੋਣਾਂ 'ਚ ਆਪ੍ਰੇਸ਼ਨ ਸੰਧੂਰ ਦੀ ਆਲੋਚਨਾ ਕਰਨ ਲਈ ਮੁੱਖ ਮੰਤਰੀ ਮਮਤਾ ਤੇ ਟੀ.ਐਮ.ਸੀ. ਨੂੰ ਸਬਕ ਸਿਖਾਉਣਗੀਆਂ | ਉਨ੍ਹਾਂ ਕਿਹਾ ਕਿ ਜਦੋਂ ਪਹਿਲਗਾਮ ਅੱਤਵਾਦੀ ਹਮਲੇ 'ਚ ਬੰਗਾਲ ਤੋਂ ਆਏ ਸੈਲਾਨੀ ਮਾਰੇ ਗਏ ਸਨ ਤਾਂ ਮਮਤਾ ਬੈਨਰਜੀ ਚੁੱਪ ਰਹੀ | ਮੁਰਸ਼ਿਦਾਬਾਦ ਦੰਗੇ ਰਾਜ ਦੁਆਰਾ ਸਮਰਥਤ ਸਨ | ਗ੍ਰਹਿ ਮੰਤਰਾਲੇ ਨੇ ਇਥੇ ਬੀ.ਐਸ.ਐਫ. ਦੀ ਤਾਇਨਾਤੀ ਬਾਰੇ ਗੱਲ ਕੀਤੀ ਸੀ, ਪਰ ਮਮਤਾ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਹਿੰਸਾ ਜਾਰੀ ਰਹੀ | ਅਮਿਤ ਸ਼ਾਹ ਨੇ ਕਿਹਾ ਕਿ ਵਕਫ਼ ਸੋਧ ਐਕਟ ਨੂੰ ਲੈ ਕੇ ਮੁਰਸ਼ਿਦਾਬਾਦ 'ਚ ਹੋਏ ਦੰਗਿਆਂ 'ਚ ਟੀ.ਐਮ.ਸੀ. ਦੇ ਕਈ ਸੀਨੀਅਰ ਨੇਤਾ ਸ਼ਾਮਿਲ ਸਨ | ਦੰਗਿਆਂ 'ਚ 3 ਲੋਕਾਂ ਦੀ ਮੌਤ ਹੋਈ ਤੇ ਕਈ ਹੋਰ ਜ਼ਖਮੀ ਹੋ ਗਏ | ਮਮਤਾ ਬੈਨਰਜੀ ਤੁਸ਼ਟੀਕਰਨ ਦੀ ਰਾਜਨੀਤੀ ਲਈ ਕਾਨੂੰਨ ਦੇ ਵਿਰੁੱਧ ਹੈ | ਸ਼ਾਹ ਨੇ ਕਿਹਾ ਕਿ ਟੀ.ਐਮ.ਸੀ. ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਨੇ ਬੰਗਲਾਦੇਸ਼ੀਆਂ ਲਈ ਬੰਗਾਲ ਦੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ | ਪੱਛਮੀ ਬੰਗਾਲ ਸਰਕਾਰ ਨੇ ਬੀ.ਐਸ.ਐਫ. ਨੂੰ ਲੋੜੀਂਦੀ ਜ਼ਮੀਨ ਨਹੀਂ ਦਿੱਤੀ ਹੈ | ਜੇਕਰ ਟੀ.ਐਮ.ਸੀ. ਬੀ.ਐਸ.ਐਫ. ਨੂੰ ਜ਼ਮੀਨ ਦਿੰਦੀ ਹੈ ਤਾਂ ਅਸੀਂ ਘੁਸਪੈਠ ਰੋਕਾਂਗੇ, ਪਰ ਟੀਐਮਸੀ ਅਜਿਹਾ ਨਹੀਂ ਕਰੇਗੀ |
ਕੇਂਦਰੀ ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਅਮਿਤ ਸ਼ਾਹ ਨੇ ਕੋਲਕਾਤਾ ਦੇ ਰਾਜਰਹਾਟ ਵਿਖੇ ਕੇਂਦਰੀ ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾ (ਸੀ.ਐਫ.ਐਸ.ਐਲ.) ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਕ ਸੁਰੱਖਿਅਤ, ਪਾਰਦਰਸ਼ੀ ਤੇ ਸਬੂਤ ਆਧਾਰਿਤ ਅਪਰਾਧਿਕ ਨਿਆਂ ਪ੍ਰਣਾਲੀ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਪਰਾਧ ਰੋਕਣ ਵਾਲੇ ਅਪਰਾਧੀਆਂ ਤੋਂ ਦੋ ਕਦਮ ਅੱਗੇ ਰਹਿਣ | ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਇਕ ਨਵੇਂ ਯੁੱਗ 'ਚ ਦਾਖਲ ਹੋ ਰਹੀ ਹੈ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਭਰ 'ਚ 8 ਅਜਿਹੇ ਸੰਸਥਾਨ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ | ਅੱਠ ਹੋਰ ਸਥਾਪਿਤ ਕਰਨ ਦੀ ਯੋਜਨਾ ਹੈ | ਅਸੀਂ ਹਰ ਜ਼ਿਲ੍ਹੇ 'ਚ ਫੋਰੈਂਸਿਕ ਵੈਨਾਂ ਸਥਾਪਿਤ ਕਰਨ 'ਚ ਹਰ ਰਾਜ ਦੀ ਮਦਦ ਕੀਤੀ ਹੈ | ਕਈ ਰਾਜਾਂ ਨੇ ਆਪਣੀਆਂ ਫੋਰੈਂਸਿਕ ਲੈਬਾਂ ਦਾ ਵਿਸਤਾਰ ਕੀਤਾ ਹੈ |
ਟੀ.ਐਮ.ਸੀ. ਵਲੋਂ ਅਮਿਤ ਸ਼ਾਹ 'ਤੇ ਜਵਾਬੀ ਹਮਲਾ
ਤਿ੍ਣਮੂਲ ਕਾਂਗਰਸ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਪੱਛਮੀ ਬੰਗਾਲ ਸਰਕਾਰ 'ਤੇ ਗੈਰ-ਕਾਨੂੰਨੀ ਘੁਸਪੈਠ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਉਣ 'ਤੇ ਤਿੱਖਾ ਜਵਾਬੀ ਹਮਲਾ ਕੀਤਾ ਅਤੇ ਕਿਹਾ ਕਿ ਸਰਹੱਦੀ ਸੁਰੱਖਿਆ ਬੀ.ਐਸ.ਐਫ. ਦੀ ਜ਼ਿੰਮੇਵਾਰੀ ਹੈ, ਜੋ ਕੇਂਦਰ ਦੇ ਅਧੀਨ ਕੰਮ ਕਰਦੀ ਹੈ | ਕੋਲਕਾਤਾ 'ਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਟੀ.ਐਮ.ਸੀ. ਨੇਤਾ ਅਤੇ ਰਾਜ ਮੰਤਰੀ ਚੰਦਰਿਮਾ ਭੱਟਾਚਾਰੀਆ ਨੇ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ ਤੇ ਦੋਸ਼ ਲਗਾਇਆ ਕਿ ਉਹ ਪਹਿਲਗਾਮ 'ਚ ਹਾਲ ਹੀ 'ਚ ਹੋਏ ਅੱਤਵਾਦੀ ਹਮਲੇ ਨੂੰ ਰੋਕਣ 'ਚ ਅਸਫਲ ਰਹੇ | ਭੱਟਾਚਾਰੀਆ, ਜਿਨ੍ਹਾਂ ਨਾਲ ਟੀ.ਐਮ.ਸੀ. ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਤੇ ਸਾਗਰਿਕਾ ਘੋਸ਼ ਵੀ ਸਨ, ਨੇ ਕਿਹਾ ਕਿ ਟੀ.ਐਮ.ਸੀ. ਸਰਹੱਦਾਂ ਦੀ ਰਾਖੀ ਲਈ ਜ਼ਿੰਮੇਵਾਰ ਨਹੀਂ, ਇਹ ਬੀ.ਐਸ.ਐਫ. ਦਾ ਕੰਮ ਹੈ, ਜੋ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ | ਜੇਕਰ ਕੋਈ ਸਮੱਸਿਆ ਹੈ, ਤਾਂ ਉਨ੍ਹਾਂ ਨੂੰ ਕੇਂਦਰ ਦੁਆਰਾ ਹੱਲ ਕੀਤਾ ਜਾਣਾ ਚਾਹੀਦਾ ਹੈ, ਰਾਜ 'ਤੇ ਦੋਸ਼ ਨਹੀਂ ਲਗਾਇਆ ਜਾਣਾ ਚਾਹੀਦਾ |
ਮੁਸਲਿਮ ਵੋਟ ਬੈਂਕ ਨੂੰ ਖ਼ੁਸ਼ ਕਰਨ ਲਈ ਆਪ੍ਰੇਸ਼ਨ ਸੰਧੂਰ ਦਾ ਵਿਰੋਧ ਕਰ ਰਹੀ ਹੈ ਮਮਤਾ-ਅਮਿਤ ਸ਼ਾਹ
ਅਜੀਤ ਡੈਸਕ
02-06-2025