ਮੰਡੀ (ਹਿਮਾਚਲ ਪ੍ਰਦੇਸ਼), 1 ਜੂਨ (ਪੀ.ਟੀ.ਆਈ.)-ਪੁਲਿਸ ਨੇ ਦੱਸਿਆ ਹੈ ਕਿ ਐਤਵਾਰ ਨੂੰ ਇਥੇ ਇਕ ਪੁਲ ਦੀ ਰੇਲਿੰਗ ਨਾਲ ਟਕਰਾਉਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 1 ਗੰਭੀਰ ਜ਼ਖਮੀ ਹੋ ਗਿਆ | ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਾਹਨ ਪੰਜਾਬ ਦੇ ਲੁਧਿਆਣਾ ਤੋਂ ਮੰਡੀ ਦੇ ਆਈ.ਆਈ.ਟੀ. ਕਮੰਡ ਜਾ ਰਿਹਾ ਸੀ | ਮੁੱਢਲੀ ਜਾਂਚ ਅਨੁਸਾਰ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਤੇ ਇਹ ਪੁਲ ਦੀ ਰੇਲਿੰਗ ਨਾਲ ਟਕਰਾ ਗਿਆ | ਮਿ੍ਤਕਾਂ ਦੀ ਪਛਾਣ ਸੁਖਵਿੰਦਰ, ਉਮੇਸ਼ ਤੇ ਸਾਗਰ ਵਜੋਂ ਹੋਈ ਹੈ, ਇਹ ਤਿੰਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹਨ ਜਦਕਿ ਦੋ ਹੋਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ | ਮੰਡੀ ਦੇ ਐਸ.ਪੀ. ਸਾਕਸ਼ੀ ਵਰਮਾ ਨੇ ਦੱਸਿਆ ਕਿ ਵਾਹਨ ਚਾਲਕ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ | ਜਾਣਕਾਰੀ ਮੁਤਾਬਿਕ ਜੀਪ (ਪੀ.ਬੀ.02ਈ.ਜੀ.4543) ਦਾ ਡਰਾਈਵਰ ਇਕ ਕੂਹਣੀ ਮੋੜ 'ਤੇ ਵਾਹਨ ਦਾ ਸੰਤੁਲਨ ਗੁਆ ਬੈਠਾ | ਮੁੱਢਲੀ ਰਿਪੋਰਟ ਮੁਤਾਬਿਕ ਹਾਦਸੇ ਦੇ ਸਾਰੇ ਪੀੜਤ ਪੰਜਾਬ ਦੇ ਵਸਨੀਕ ਮੰਨੇ ਜਾ ਰਹੇ ਹਨ | ਹਾਦਸੇ ਦੇ ਸਹੀ ਕਾਰਨਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ | ਮੰਡੀ ਦੀ ਐੱਸ.ਪੀ. ਸਾਕਸ਼ੀ ਵਰਮਾ ਨੇ ਘਟਨਾ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਕੇਸ ਦਰਜ ਕਰ ਲਿਆ ਹੈ |