ਦਿੱਲੀ ਹਾਈ ਕੋਰਟ ਨੇ ਫ਼ੌਜੀ ਅਧਿਕਾਰੀ ਦੀ ਬਰਖ਼ਾਸਤਗੀ ਨੂੰ ਰੱਖਿਆ ਬਰਕਰਾਰ
ਅਜੀਤ ਡੈਸਕ
02-06-2025
ਅਨੁਸ਼ਾਸਨਹੀਣਤਾ-ਦਿੱਲੀ ਹਾਈ ਕੋਰਟ
ਨਵੀਂ ਦਿੱਲੀ, 1 ਜੂਨ (ਉਪਮਾ ਡਾਗਾ ਪਾਰਥ)- ਦਿੱਲੀ ਹਾਈ ਕੋਰਟ ਨੇ ਭਾਰਤੀ ਫ਼ੌਜ ਦੇ ਇਕ ਇਸਾਈ ਅਧਿਕਾਰੀ ਦੀ ਬਰਖ਼ਾਸਤਗੀ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਸੁਣਾਇਆ | ਅਦਾਲਤ ਨੇ ਕਿਹਾ ਕਿ ਕਮਾਂਡਿੰਗ ਅਧਿਕਾਰੀਆਂ ਨੂੰ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਅਤੇ ਧਾਰਮਿਕ ਤਰਜੀਹਾਂ ਤੋਂ ਉੱਪਰ ਯੂਨਿਟ ਦੇ ਤਾਲਮੇਲ ਨੂੰ ਰੱਖਣਾ ਚਾਹੀਦਾ ਹੈ | ਉਕਤ ਮਾਮਲਾ ਸੈਮੂਅਲ ਕਮਲੇਸ਼ਨ ਨਾਂਅ ਦੇ ਅਧਿਕਾਰੀ ਨਾਲ ਜੁੜਿਆ ਹੈ, ਜਿਸ ਨੇ ਰੈਜੀਮੈਂਟ ਦੀ ਧਾਰਮਿਕ ਪਰੇਡ 'ਚ ਸ਼ਾਮਿਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ | ਸੈਮੂਅਲ ਦਾ ਕਹਿਣਾ ਸੀ ਕਿ ਉਸ ਦੀ ਰੈਜੀਮੈਂਟ ਨੇ ਆਪਣੀਆਂ ਧਾਰਮਿਕ ਜ਼ਰੂਰਤਾਂ ਅਤੇ ਪਰੇਡ ਲਈ ਸਿਰਫ਼ ਇਕ ਮੰਦਰ ਅਤੇ ਗੁਰਦੁਆਰਾ ਬਣਾਇਆ ਹੈ, ਨਾ ਕਿ ਕੋਈ ਸਰਬ ਧਰਮ ਸਥਾਨ | ਉਨ੍ਹਾਂ ਕਿਹਾ ਕਿ ਉਥੇ ਕੋਈ ਚਰਚ ਵੀ ਨਹੀਂ ਹੈ | 30 ਮਈ ਨੂੰ ਆਪਣੇ ਆਦੇਸ਼ 'ਚ ਅਦਾਲਤ ਨੇ ਕਿਹਾ ਸੀ ਕਿ ਧਰਮ ਨੂੰ ਕਿਸੇ ਸੀਨੀਅਰ ਦੇ ਵੈਧ ਆਦੇਸ਼ ਤੋਂ ਉੱਪਰ ਰੱਖਣਾ ਸਾਫ਼ ਤੌਰ 'ਤੇ ਅਨੁਸ਼ਾਸਨ ਦਾ ਕੰਮ ਹੈ | ਜਸਟਿਸ ਨਵੀਨ ਚਾਵਲਾ ਅਤੇ ਸ਼ਲਿੰਦਰ ਕੌਰ ਦੇ ਬੈਂਚ ਨੇ ਬਰਖ਼ਾਸਤਗੀ ਨੂੰ ਬਰਕਰਾਰ ਰੱਖਦਿਆਂ ਕਿਹਾ ਕਿ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਟੀਸ਼ਨਕਰਤਾ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਪਾਲਣ ਕਰਨ ਦਾ ਅਧਿਕਾਰ ਹੈ | ਹਾਲਾਂਕਿ ਨਾਲ ਹੀ ਆਪਣੇ ਫ਼ੌਜੀਆਂ ਦੇ ਕਮਾਂਡਿੰਗ ਆਫਿਸਰ ਹੋਣ ਦੇ ਨਾਤੇ ਉਨ੍ਹਾਂ ਕੋਲ ਜ਼ਿਆਦਾ ਜ਼ਿੰਮੇਵਾਰੀਆਂ ਵੀ ਹਨ, ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ ਜੰਗ 'ਚ ਉਨ੍ਹਾਂ ਦੀ ਅਗਵਾਈ ਕਰਨੀ ਹੈ, ਸਗੋਂ ਫ਼ੌਜੀਆਂ 'ਚ ਸੰਬੰਧਾਂ ਨੂੰ ਉਤਸ਼ਾਹ ਦੇਣਾ, ਉਨ੍ਹਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ 'ਚ ਆਪਣੇਪਨ ਦੀ ਭਾਵਨਾ ਪੈਦਾ ਕਰਨਾ ਹੈ | ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਸਵਾਲ ਧਾਰਮਿਕ ਸੁਤੰਤਰਤਾ ਦਾ ਬਿਲਕੁਲ ਵੀ ਨਹੀਂ ਹੈ | ਇਹ ਇਕ ਸੀਨੀਅਰ ਦੇ ਵੈਧ ਆਦੇਸ਼ ਦੇ ਪਾਲਣ ਕਰਨ ਦਾ ਸਵਾਲ ਹੈ | ਮਾਮਲੇ 'ਚ ਪਟੀਸ਼ਨਕਰਤਾ ਨੇ ਆਪਣੇ ਧਰਮ ਨੂੰ ਆਪਣੇ ਸੀਨੀਅਰ ਦੇ ਵੈਧ ਆਦੇਸ਼ ਤੋਂ ਉੱਪਰ ਰੱਖਿਆ, ਜੋ ਸਪੱਸ਼ਟ ਤੌਰ 'ਤੇ ਅਨੁਸ਼ਾਸਨਹੀਣਤਾ ਦਾ ਕੰਮ ਹੈ | ਬੈਂਚ ਨੇ ਕਿਹਾ ਕਿ ਸੈਮੂਅਲ ਨੂੰ ਕਈ ਵਾਰ ਸਮਝਾਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦਾ ਫ਼ੈਸਲਾ ਲਿਆ ਗਿਆ | ਇਹ ਫ਼ੈਸਲਾ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ | ਫ਼ੌਜ 'ਚ ਅਨੁਸ਼ਾਸਨ ਬਹੁਤ ਜ਼ਰੂਰੀ ਹੈ | ਜੇਕਰ ਅਨੁਸ਼ਾਸਨ ਨਹੀਂ ਹੋਏਗਾ ਤਾਂ ਫ਼ੌਜ ਠੀਕ ਢੰਗ ਨਾਲ ਕੰਮ ਨਹੀਂ ਕਰ ਪਾਏਗੀ | ਇਸ ਲਈ ਸੈਮੂਅਲ ਨੂੰ ਨੌਕਰੀ ਤੋਂ ਕੱਢਣ ਦਾ ਫ਼ੈਸਲਾ ਸਹੀ ਸੀ |