ਨਵੀਂ ਦਿੱਲੀ, 1 ਜੂਨ (ਉਪਮਾ ਡਾਗਾ ਪਾਰਥ)-ਵਸਤਾਂ ਅਤੇ ਸੇਵਾਵਾਂ ਬਾਰੇ ਟੈਕਸ ਵਸੂਲੀ ਦਾ ਮਈ ਮਹੀਨੇ ਦਾ ਰਿਕਾਰਡ ਟੁੱਟ ਗਿਆ ਹੈ | ਮਈ ਮਹੀਨੇ 'ਚ 2.01 ਲੱਖ ਕਰੋੜ ਰੁਪਏ ਜੀ.ਐਸ.ਟੀ. ਦੀ ਵਸੂਲੀ ਕੀਤੀ ਗਈ, ਜੋ ਕਿ ਪਿਛਲੇ ਸਾਲ ਦੇ ਮਈ ਮਹੀਨੇ ਦੇ ਮੁਕਾਬਲੇ 16.4 ਫ਼ੀਸਦੀ ਜ਼ਿਆਦਾ ਹੈ | ਉਕਤ ਜਾਣਕਾਰੀ ਐਤਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਰਾਹੀਂ ਦਿੱਤੀ ਗਈ | ਇਸ ਤੋਂ ਪਹਿਲਾਂ ਅਪੈ੍ਰਲ 'ਚ 2.37 ਲੱਖ ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਸੀ | ਇਹ ਲਗਾਤਾਰ ਦੂਜੇ ਮਹੀਨੇ ਜੀ.ਐਸ.ਟੀ. ਵਸੂਲੀ 'ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ | ਪਿਛਲੇ ਸਾਲ ਅਪੈ੍ਰਲ ਮਹੀਨੇ 'ਚ 2.10 ਲੱਖ ਕਰੋੜ ਰੁਪਏ ਜੀ.ਐਸ.ਟੀ. ਤੋਂ ਵਸੂਲੇ ਗਏ ਸਨ | ਮਈ 2025 'ਚ ਘਰੇਲੂ ਲੈਣ-ਦੇਣ ਨਾਲ ਕੁੱਲ ਜੀ.ਐਸ.ਟੀ. ਆਮਦਨ 13.7 ਫ਼ੀਸਦੀ ਵਧ ਕੇ ਤਕਰੀਬਨ 1.50 ਲੱਖ ਕਰੋੜ ਰੁਪਏ ਹੋ ਗਿਆ ਜਦਕਿ ਦਰਾਮਦ ਤੋਂ ਜੀ.ਐਸ.ਟੀ. ਦੀ ਵਸੂਲੀ 25.22 ਫ਼ੀਸਦੀ ਵਧ ਕੇ 51,266 ਕਰੋੜ ਰੁਪਏ ਹੋਈ, ਮਈ 'ਚ ਕੁੱਲ ਕੇਂਦਰੀ ਜੀ.ਐਸ.ਟੀ. ਆਮਦਨ 35,434 ਕਰੋੜ ਰੁਪਏ, ਸੂਬਾ ਜੀ.ਐਸ.ਟੀ. ਆਮਦਨ 43,902 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ.ਐਸ.ਟੀ. ਵਸੂਲੀ 1.09 ਲੱਖ ਕਰੋੜ ਰੁਪਏ ਰਹੀ |