01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬ 'ਚ ਹੜ੍ਹਾਂ ਦੀ ਸਥਿਤੀ ਗੰਭੀਰ ਢਾਈ ਲੱਖ ਤੋਂ ਵੱਧ ਲੋਕ ਪ੍ਰਭਾਵਿਤ

Ad Position 21
repet_subhas-goyals [Copy P29]
ਅਜੀਤ ਡੈਸਕ 02-09-2025

ਹਰਕਵਲਜੀਤ ਸਿੰਘ
ਚੰਡੀਗੜ੍ਹ, 1 ਸਤੰਬਰ-ਪੰਜਾਬ 'ਚ ਹੜ੍ਹਾਂ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ ਤੇ ਹਿਮਾਚਲ 'ਚ ਭਾਰੀ ਮੀਂਹ ਕਾਰਨ ਰਾਜ ਦੇ ਡੈਮਾਂ 'ਚ ਪਾਣੀ ਖ਼ਤਰੇ ਦੇ ਨਿਸ਼ਾਨ 'ਤੇ ਹੈ | ਅੱਜ ਰਾਤ ਜਾਰੀ ਹੋਈ ਪਾਣੀ ਦੇ ਪੱਧਰ ਦੀ ਰਿਪੋਰਟ 'ਚ ਕਿਹਾ ਗਿਆ ਕਿ ਮੌਕੇ 'ਤੇ ਲਗਾਏ ਹੋਏ ਨਿਸ਼ਾਨਾਂ ਤੋਂ ਪਾਣੀ ਦਾ ਪੱਧਰ ਉਪਰ ਜਾਣ ਕਾਰਨ ਮੌਕੇ 'ਤੇ ਪਾਣੀ ਦੇ ਪੱਧਰ ਦਾ ਪਤਾ ਨਹੀਂ ਲੱਗ ਰਿਹਾ ਸੀ | ਘੱਗਰ, ਟਾਂਗਰੀ, ਮਾਰਕੰਡਾ ਤੇ ਦੂਜੇ ਬਰਸਾਤੀ ਨਾਲਿਆਂ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਹੋਣ ਕਾਰਨ ਪਟਿਆਲਾ, ਐਸ.ਏ.ਐਸ. ਨਗਰ, ਸੰਗਰੂਰ ਤੇ ਮਾਨਸਾ ਆਦਿ ਵੀ ਹੜ੍ਹਾਂ ਦੇ ਮਾਰ ਹੇਠ ਆ ਗਏ ਅਤੇ ਇਨ੍ਹਾਂ ਸਾਰੇ ਖੇਤਰਾਂ 'ਚ ਰੈੱਡ ਅਲਰਟ ਜਾਰੀ ਕਰਦਿਆਂ ਕਈ ਖੇਤਰਾਂ ਤੋਂ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਕੱਢਿਆ ਗਿਆ | ਪੰਜਾਬ ਦੇ ਬਹੁਤੇ ਖੇਤਰਾਂ 'ਚ ਵੀ ਜਾਰੀ ਮੀਂਹ ਮੁਸ਼ਕਿਲਾਂ ਵਧਾ ਰਿਹਾ ਸੀ | ਮਾਹਿਰਾਂ ਦਾ ਦੱਸਣਾ ਸੀ ਕਿ ਹਿਮਾਚਲ 'ਚ ਜਾਰੀ ਮੀਂਹ ਕਾਰਨ ਪਾਣੀ ਜਿਵੇਂ ਵਧ ਰਿਹਾ ਹੈ ਉਸ ਕਾਰਨ ਡੈਮਾਂ ਤੋਂ ਪਾਣੀ ਛੱਡਣਾ ਜਾਰੀ ਹੈ ਅਤੇ ਮਜਬੂਰੀ 'ਚ ਵਧਾਇਆ ਵੀ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਬਿਆਸ ਅਤੇ ਰਾਵੀ 'ਚ ਕੁਝ ਵਾਧੂ ਪਾਣੀ ਛੱਡਣਾ ਪੈ ਸਕਦਾ ਹੈ, ਜਦੋਂਕਿ ਭਾਖੜਾ ਤੋਂ ਛੱਡੇ ਜਾ ਰਹੇ ਪਾਣੀ 'ਚ ਅਜੇ ਵਾਧਾ ਨਹੀਂ ਕੀਤਾ ਗਿਆ | ਰਾਜ ਸਰਕਾਰ ਵਲੋਂ ਅੱਜ ਰਾਤ ਜਾਰੀ ਹੋਈ ਰਿਪੋਰਟ ਅਨੁਸਾਰ ਅੱਜ ਸ਼ਾਮ ਤੱਕ 1247 ਪਿੰਡਾਂ ਦੇ ਹੜ੍ਹਾਂ ਦੀ ਮਾਰ ਹੇਠ ਹੋਣ ਦੀ ਰਿਪੋਰਟ ਹੈ, ਜਿਸ 'ਚੋਂ 321 ਪਿੰਡ ਗੁਰਦਾਸਪੁਰ, 104 ਹੁਸ਼ਿਆਰਪੁਰ, 115 ਕਪੂਰਥਲਾ, 88 ਅੰਮਿ੍ਤਸਰ, 81 ਫ਼ਿਰੋਜ਼ਪੁਰ, 72 ਫਾਜ਼ਿਲਕਾ, 87 ਮਾਨਸਾ, 82 ਪਠਾਨਕੋਟ, 66 ਤਰਨ ਤਾਰਨ ਅਤੇ 62 ਪਿੰਡ ਜਲੰਧਰ ਦੇ ਹਨ | ਰਿਪੋਰਟ ਅਨੁਸਾਰ 2,61,426 ਲੋਕ, ਜੋ ਹੜ੍ਹਾਂ ਕਾਰਨ ਬੇਘਰ ਹੋਏ 'ਚੋਂ 21,562 ਫਾਜ਼ਿਲਕਾ, 28240 ਫ਼ਿਰੋਜ਼ਪੁਰ, 14500 ਗੁਰਦਾਸਪੁਰ, 3500 ਅੰਮਿ੍ਤਸਰ, 15053 ਪਠਾਨਕੋਟ ਅਤੇ 7000 ਐਸ.ਏ.ਐਸ. ਨਗਰ ਜ਼ਿਲਿ੍ਹਆਂ ਤੋਂ ਹਨ | ਮਾਰੇ ਜਾਣ ਵਾਲੇ 30 ਲੋਕਾਂ 'ਚੋਂ 6 ਪਠਾਨਕੋਟ, 4 ਅੰਮਿ੍ਤਸਰ ਅਤੇ ਬਰਨਾਲਾ, ਲੁਧਿਆਣਾ, ਹੁਸ਼ਿਆਰਪੁਰ, ਮਾਨਸਾ ਤੇ ਰੋਪੜ ਤੋਂ 3-3 ਲੋਕ ਹਨ, ਜਦੋਂਕਿ ਪਠਾਨਕੋਟ ਤੋਂ 3 ਲੋਕ ਲਾਪਤਾ ਵੀ ਹਨ | ਇਸ ਦੇ ਨਾਲ ਸਵਾ ਤਿੰਨ ਲੱਖ ਏਕੜ ਤੋਂ ਵਧ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ | ਰਾਜ ਸਰਕਾਰ ਨੇ ਅੱਜ ਰਿਪੋਰਟ 'ਚ ਸਪੱਸ਼ਟ ਕੀਤਾ ਕਿਉਂਕਿ ਮਾਰੇ ਗਏ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਹੁਣ ਕਾਫ਼ੀ ਵੱਧ ਲੱਗ ਰਹੀ ਹੈ, ਇਸ ਲਈ ਇਸ ਸੰਬੰਧੀ ਅੰਦਾਜ਼ਾ ਹਾਲਤ ਸੁਧਰਨ 'ਤੇ ਹੀ ਪਤਾ ਲੱਗੇਗਾ ਅਤੇ ਇਸੇ ਤਰ੍ਹਾਂ ਨੁਕਸਾਨੇ ਗਏ ਮਕਾਨਾਂ ਸੰਬੰਧੀ ਗਿਣਤੀ ਵੀ ਬਾਅਦ 'ਚ ਵੀ ਦੇਣ ਦਾ ਫ਼ੈਸਲਾ ਲਿਆ ਗਿਆ | ਰਾਜ ਸਰਕਾਰ ਨੇ ਕੋਈ 16,568 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਵੀ ਪਹੁੰਚਾਇਆ ਹੈ ਤੇ 132 ਰਾਹਤ ਕੈਂਪ ਵੀ ਸਥਾਪਤ ਕੀਤੇ ਹਨ, ਜਿਨ੍ਹਾਂ 'ਚ 7811 ਲੋਕਾਂ ਨੂੰ ਰੱਖਿਆ ਹੋਇਆ ਹੈ | ਸਰਕਾਰ ਵਲੋਂ ਰਾਹਤ ਕਾਰਜਾਂ ਲਈ 114 ਬੇੜੀਆਂ ਲਾਈਆਂ ਹੋਈਆਂ ਹਨ, ਜਦੋਂ ਕਿ ਫ਼ੌਜ ਦੇ 35 ਤੇ ਰਾਜ ਸਰਕਾਰ ਦਾ ਇਕ ਹੈਲੀਕਾਪਟਰ ਵੀ ਰਾਹਤ ਕਾਰਜਾਂ 'ਚ ਲੱਗਾ ਹੋਇਆ ਹੈ | ਫ਼ੌਜ ਦੀਆਂ 10 ਟੁਕੜੀਆਂ ਵੀ ਰਾਹਤ ਕਾਰਜਾਂ 'ਚ ਲੱਗੀਆਂ ਹੋਈਆਂ ਹਨ, ਜਦੋਂ ਕਿ 8 ਟੁਕੜੀਆਂ ਨੂੰ ਰਾਖਵੇਂ ਵਜੋਂ ਤਿਆਰ ਰੱਖਿਆ ਹੋਇਆ ਹੈ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਅਗਰ ਅਗਲੇ ਦੋ ਦਿਨਾਂ ਅੰਦਰ ਹੜ੍ਹਾਂ ਦੀ ਸਥਿਤੀ ਹੋਰ ਨਹੀਂ ਵਿਗੜਦੀ ਤਾਂ ਉਨ੍ਹਾਂ ਨੂੰ ਆਸ ਹੈ ਕਿ ਉਸ ਤੋਂ ਬਾਅਦ ਸਥਿਤੀ ਸੁਧਰਨੀ ਸ਼ੁਰੂ ਹੋ ਜਾਵੇਗੀ |
ਅਜੇ ਨਹੀਂ ਟਲਿਆ ਖ਼ਤਰਾ ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 1 ਸਤੰਬਰ–ਪੰਜਾਬ 'ਚ ਮੀਂਹ ਅਤੇ ਹੜ੍ਹ ਕਰਕੇ ਹੁਣ ਤੱਕ ਕਾਫ਼ੀ ਨੁਕਸਾਨ ਹੋ ਚੁੱਕਾ ਹੈ | ਸੂਬੇ 'ਚ ਲਗਾਤਾਰ ਮੀਂਹ ਅਤੇ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ, ਜਿਸ ਨਾਲ ਮਨੁੱਖੀ ਜਾਨਾਂ, ਜਾਇਦਾਦ, ਫਸਲਾਂ, ਪਸ਼ੂ ਧਨ ਅਤੇ ਬੁਨਿਆਦੀ ਢਾਂਚੇ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ | ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ 'ਚ ਜ਼ਿਲ੍ਹਾ ਕਪੂਰਥਲਾ ਦੇ 5650 ਲੋਕ, ਬਰਨਾਲਾ 'ਚ (59), ਮਾਨਸਾ (163), ਜਲੰਧਰ (653), ਮੋਗਾ (800) ਅਤੇ ਹੁਸ਼ਿਆਰਪੁਰ 'ਚ (1152) ਵਿਅਕਤੀ ਵੀ ਸ਼ਾਮਿਲ ਹਨ | ਸੂਬੇ 'ਚ ਐਨ.ਡੀ.ਆਰ.ਐਫ. ਦੀਆਂ ਕੁੱਲ 20 ਟੀਮਾਂ 'ਚੋਂ ਪਠਾਨਕੋਟ 'ਚ (1), ਗੁਰਦਾਸਪੁਰ (6), ਅੰਮਿ੍ਤਸਰ (6), ਫਿਰੋਜ਼ਪੁਰ (3), ਫਾਜ਼ਿਲਕਾ (3) ਅਤੇ ਬਠਿੰਡਾ 'ਚ (1) ਟੀਮ ਤਾਇਨਾਤ ਕੀਤੀ ਗਈ ਹੈ | ਰਾਹਤ ਕਾਰਜਾਂ ਵਿਚ ਨਾਲ ਹੀ 2 ਇੰਜੀਨੀਅਰ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ | ਨਾਲ ਹੀ ਵਾਧੂ ਸਹਾਇਤਾ ਪ੍ਰਦਾਨ ਕਰਨ ਲਈ ਬੀ.ਐਸ.ਐਫ. ਯੂਨਿਟਾਂ ਨੂੰ ਤਾਇਨਾਤ ਕੀਤਾ ਗਿਆ ਹੈ | ਲੋਕਾਂ ਦੇ ਘਰਾਂ ਤੋਂ ਲੈ ਕੇ ਫ਼ਸਲਾਂ ਤੱਕ ਪਾਣੀ 'ਚ ਡੁੱਬ ਗਈਆਂ ਹਨ | ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮਿ੍ਤਸਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਹੁਸ਼ਿਆਰਪੁਰ ਦੇ ਕਈ ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ, ਜਿਸ ਦੇ ਚਲਦਿਆਂ ਪ੍ਰਸ਼ਾਸਨ ਅਤੇ ਕਈ ਸੇਵਾ ਸੰਸਥਾਵਾਂ ਵਲੋਂ ਲੋਕਾਂ ਨੂੰ ਰਾਸ਼ਨ ਤੇ ਹਰ ਤਰ੍ਹਾਂ ਲੋੜੀਂਦੀ ਮਦਦ ਪਹੁੰਚਾਈ ਜਾ ਰਹੀ ਹੈ | ਹਾਲੇ ਵੀ ਹੜ੍ਹ ਨੂੰ ਲੈ ਕੇ ਖ਼ਤਰਾ ਟਲਿਆ ਨਹੀਂ ਹੈ | ਹਿਮਾਚਲ 'ਚ ਵੀ ਮੌਸਮ ਵਿਭਾਗ ਨੇ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ | ਉਧਰ ਮੌਸਮ ਵਿਭਾਗ ਨੇ ਸੂਬੇ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਲਰਟ ਵੀ ਜਾਰੀ ਕੀਤਾ ਹੈ | ਭਾਰੀ ਮੀਂਹ ਕਾਰਨ ਸੂਬੇ 'ਚ ਨਦੀਆਂ ਅਤੇ ਨਾਲੇ ਨੱਕੋ-ਨੱਕ ਭਰੇ ਹੋਏ ਹਨ |
ਦਿੱਲੀ ਪੁੱਜਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਕੀਤਾ ਫੋਨ
ਹੜ੍ਹਾਂ ਦੀ ਸਥਿਤੀ ਬਾਰੇ ਲਈ ਜਾਣਕਾਰੀ, ਮਦਦ ਦਾ ਦਿੱਤਾ ਭਰੋਸਾ
ਨਵੀਂ ਦਿੱਲੀ, 1 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਤੋਂ ਵਾਪਸ ਪਰਤਣ ਦੇ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਅਤੇ ਸੂਬੇ ਦੇ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦੀ ਹਰ ਸਹਾਇਤਾ ਦਾ ਭਰੋਸਾ ਦਿੱਤਾ | ਇਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁੱਜਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕੀਤਾ ਅਤੇ ਪੰਜਾਬ 'ਚ ਭਾਰੀ ਮੀਂਹ ਅਤੇ ਹੜ੍ਹਾਂ ਦੇ ਕਾਰਨ ਬਣੀ ਸਥਿਤੀ ਬਾਰੇ ਚਰਚਾ ਕੀਤੀ | ਉਨ੍ਹਾਂ ਨੇ ਸੂਬੇ ਦੀ ਹਰ ਸਹਾਇਤਾ ਅਤੇ ਸਮਰਥਨ ਦਾ ਭਰੋਸਾ ਦਿੱਤਾ |
ਸਤਲੁਜ 'ਚ ਪਾਣੀ ਛੱਡਣ ਕਾਰਨ ਲੋਕ ਸੁਰੱਖਿਅਤ ਥਾਵਾਂ ਵੱਲ ਤੁਰੇ
ਫਿਲੌਰ, (ਸਤਿੰਦਰ ਸ਼ਰਮਾ)-ਅੱਜ ਦੇਰ ਸ਼ਾਮ ਸਤਲੁਜ ਦਰਿਆ 'ਚ ਪਿੱਛੋਂ ਵੱਡੀ ਮਾਤਰਾ 'ਚ ਪਾਣੀ ਛੱਡਣ ਕਾਰਨ ਦਰਿਆ ਨਾਲ ਲਗਦੇ ਪਿੰਡਾਂ ਆਲੋਵਾਲ, ਭੋਲੇਵਾਲ, ਮੀਓਵਾਲ, ਮਾਓ ਸਾਹਿਬ, ਸੰਗੋਵਾਲ, ਸਿਧਾਰਾ ਤੇ ਬੁਰਜ ਹਸਨ ਆਦਿ ਦੇ ਲੋਕ ਆਪੋ ਆਪਣੇ ਘਰ-ਦਰ ਛੱਡ ਕੇ ਲੋੜੀਂਦਾ ਸਾਮਾਨ ਟਰੈਕਟਰ ਟਰਾਲੀਆਂ 'ਚ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਨੂੰ ਤੁਰ ਪਏ | ਇਸ ਔਖੀ ਘੜੀ 'ਚ ਲੋਕਾਂ ਇਕ-ਦੂਜੇ ਦੀ ਮਦਦ ਨਾਲ ਸਾਮਾਨ ਨੂੰ ਟਰੈਕਟਰ-ਟਰਾਲੀਆਂ 'ਚ ਲੱਦ ਕੇ ਨੇੜਲੇ ਗੁਰਦੁਆਰਿਆਂ, ਸਕੂਲਾਂ, ਧਰਮਸ਼ਾਲਾਵਾਂ ਤੇ ਜਨਤਕ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ | ਲੋਕਾਂ ਨੇ ਗਿਲਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਮੁਸ਼ਕਿਲ ਘੜੀ 'ਚ ਵੀ ਪ੍ਰਸ਼ਾਸਨਿਕ ਅਧਿਕਾਰੀ ਨਜ਼ਰ ਨਹੀਂ ਆਏ |
ਕਾਲਜ, ਯੂਨੀਵਰਸਿਟੀਆਂ ਤੇ ਪੋਲੀਟੈਕਨਿਕ ਸੰਸਥਾਵਾਂ ਵੀ ਕੱਲ੍ਹ ਤੱਕ ਬੰਦ
ਚੰਡੀਗੜ੍ਹ, (ਪ੍ਰੋ. ਅਵਤਾਰ ਸਿੰਘ)-ਪੰਜਾਬ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਸੂਬੇ ਦੇ ਸਾਰੇ ਕਾਲਜਾਂ, ਯੂਨੀਵਰਸਿਟੀਆਂ ਅਤੇ ਪੋਲੀਟੈਕਨਿਕ ਸੰਸਥਾਵਾਂ ਨੂੰ ਤੁਰੰਤ ਪ੍ਰਭਾਵ ਨਾਲ 3 ਸਤੰਬਰ, 2025 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ | ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਪਾ ਕੇ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਹੋਸਟਲਾਂ 'ਚ ਰਹਿ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸੁੱਖ-ਸੁਵਿਧਾਵਾਂ ਦੀ ਜ਼ਿੰਮੇਵਾਰੀ ਸੰਬੰਧਿਤ ਪ੍ਰਸ਼ਾਸਨ 'ਤੇ ਰਹੇਗੀ |
ਅਮਿਤ ਸ਼ਾਹ ਵਲੋਂ ਰਾਜਪਾਲ ਕਟਾਰੀਆ ਅਤੇ ਮੁੱਖ ਮੰਤਰੀ ਤੋਂ ਲਿਆ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ
ਨਵੀਂ ਦਿੱਲੀ/ਚੰਡੀਗੜ੍ਹ, 1 ਸਤੰਬਰ (ਉਪਮਾ ਡਾਗਾ ਪਾਰਥ, ਸੰਦੀਪ ਕੁਮਾਰ ਮਾਹਨਾ)-ਪੰਜਾਬ 'ਚ ਕਹਿਰ ਢਾਹ ਰਹੇ ਹੜ੍ਹਾਂ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਮੁਸ਼ਕਿਲ ਹਾਲਾਤ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਫੋਨ 'ਤੇ ਗੱਲਬਾਤ ਕੀਤੀ | ਅਮਿਤ ਸ਼ਾਹ ਨੇ ਹੜ੍ਹਾਂ ਨਾਲ ਜੂਝ ਰਹੇ ਸੂਬੇ ਦੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਪਰ ਸੂਬੇ ਵਲੋਂ ਕੀਤੀ 60 ਹਜ਼ਾਰ ਕਰੋੜ ਰੁਪਏ ਦੀ ਮੰਗ 'ਤੇ ਕੇਂਦਰ ਵਲੋਂ ਪੰਜਾਬ ਨੂੰ ਕੋਈ ਭਰੋਸਾ ਨਹੀਂ ਮਿਲਿਆ | ਫੋਨ 'ਤੇ ਗੱਲਬਾਤ ਦੌਰਾਨ ਰਾਜਪਾਲ ਅਤੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਮੌਜੂਦਾ ਹਾਲਾਤ ਅਤੇ ਪ੍ਰਭਾਵਿਤ ਲੋਕਾਂ ਦੇ ਬਚਾਅ ਅਤੇ ਰਾਹਤ ਲਈ ਪ੍ਰਸ਼ਾਸਨ ਵਲੋਂ ਚੁੱਕੇ ਕਦਮਾਂ ਦੀ ਜਾਣਕਾਰੀ ਦਿੱਤੀ | ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਵੀ ਰੱਖੀ, ਤਾਂ ਜੋ ਪ੍ਰਭਾਵਿਤ ਲੋਕਾਂ ਦੀ ਵਿੱਤੀ ਮਦਦ ਕੀਤੀ ਜਾ ਸਕੇ ਤੇ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਨੂੰ ਮੁੜ ਖੜ੍ਹਾ ਕੀਤਾ ਜਾ ਸਕੇ |
ਕੇਂਦਰ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਸਥਿਤੀ 'ਚ ਸੂਬੇ ਨੂੰ ਇਕੱਲਿਆਂ ਨਹੀਂ ਛੱਡਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਤੁਰੰਤ ਮਦਦ ਦੀ ਲੋੜ ਹੋਵੇਗੀ, ਉੱਥੇ ਕੇਂਦਰੀ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ | ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਵਲੋਂ ਇਕ ਵਿਸ਼ੇਸ਼ ਅਧਿਕਾਰੀ ਟੀਮ ਪੰਜਾਬ ਭੇਜੀ ਜਾਵੇਗੀ, ਜੋ ਜ਼ਮੀਨੀ ਪੱਧਰ 'ਤੇ ਸਥਿਤੀ ਦੀ ਜਾਂਚ ਕਰਕੇ ਰਿਪੋਰਟ ਤਿਆਰ ਕਰੇਗੀ | ਇਸ ਦੇ ਆਧਾਰ 'ਤੇ ਰਾਜ ਨੂੰ ਵਾਧੂ ਵਿੱਤੀ ਸਹਾਇਤਾ ਦਿੱਤੀ ਜਾਵੇਗੀ |
ਚੀਮਾ ਨੇ ਪੰਜਾਬ ਨੂੰ ਅਣਗੌਲਣ ਦਾ ਲਾਇਆ ਦੋਸ਼

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ 'ਤੇ ਪੰਜਾਬ ਨੂੰ ਅਣਗੌਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਡੁੱਬ ਰਿਹਾ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਚੁੱਪ ਬੈਠੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ, ਖੇਤ ਉੱਜੜ ਗਏ, ਘਰ ਤਬਾਹ ਹੋ ਗਏ, ਪਰ ਭਾਜਪਾ ਨੇਤਾਵਾਂ ਲਈ ਚੋਣ ਰੈਲੀਆਂ ਹੜ੍ਹ, ਪੀੜਤਾਂ ਦੇ ਦਰਦ ਤੋਂ ਵੱਧ ਅਹਿਮ ਹਨ | ਹਰਪਾਲ ਸਿੰਘ ਚੀਮਾ ਨੇ ਗ੍ਰਹਿ ਮੰਤਰੀ ਨਾਲ ਮੁੱਖ ਮੰਤਰੀ ਦੀ ਗੱਲਬਾਤ 'ਤੇ ਬੋਲਦਿਆਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਫਿਰ ਪੰਜਾਬ ਨੂੰ ਨਿਰਾਸ਼ ਕੀਤਾ ਹੈ | ਦੋ ਦਿਨ ਪਹਿਲਾਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ, ਪਰ ਜਵਾਬ ਅੱਜ ਵੀ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ 'ਚ ਕੁੱਲ 122 ਰਾਹਤ ਕੈਂਪ ਸਥਾਪਿਤ ਕੀਤੇ ਹਨ, ਜਿਥੇ ਖਾਣ-ਪੀਣ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ |
ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 3.84 ਫੁੱਟ ਹੇਠਾਂ ਭਾਖੜਾ ਡੈਮ 'ਚ ਪਾਣੀ
ਨੰਗਲ, 1 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ਵਿਚ ਪਾਣੀ ਆਮਦ ਵਿਚ ਤੇਜ਼ੀ ਨਾਲ ਲਗਾਤਾਰ ਭਾਰੀ ਵਾਧਾ ਹੋ ਰਿਹਾ ਹੈ | ਬੀ.ਬੀ.ਐਮ.ਬੀ. ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 1 ਸਤੰਬਰ ਨੂੰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1676.16 ਫੁੱਟ ਦਰਜ ਕੀਤਾ ਗਿਆ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ 3.84 ਫੁੱਟ ਹੇਠ ਰਹਿ ਗਿਆ ਹੈ | ਦੱਸਣਯੋਗ ਹੈ ਕਿ ਬੀ.ਬੀ.ਐਮ.ਬੀ. ਵਲੋਂ ਭਾਖੜਾ ਡੈਮ ਦੇ ਫਲੱਡ ਗੇਟ ਪਿਛਲੇ 15 ਦਿਨਾਂ ਤੋਂ ਲਗਾਤਾਰ ਖੋਲ੍ਹੇ ਗਏ ਹਨ, ਜਿਸ ਨੂੰ ਅੱਜ ਵਿਭਾਗ ਵਲੋਂ 4 ਫੁੱਟ ਤੋਂ ਵਧਾ ਕੇ 5 ਫੁੱਟ ਤੱਕ ਖੋਲਿ੍ਹਆ ਗਿਆ ਹੈ |
ਪੌਂਗ ਡੈਮ 'ਚੋਂ ਬਿਆਸ 'ਚ ਰੋਜ਼ਾਨਾ ਛੱਡਿਆ ਜਾ ਰਿਹੈ 1 ਲੱਖ ਕਿਊਸਿਕ ਪਾਣੀ
ਮੁਕੇਰੀਆਂ (ਹੁਸ਼ਿਆਰਪੁਰ), (ਰਾਮਗੜ੍ਹੀਆ)-ਹਿਮਾਚਲ ਤੇ ਪੰਜਾਬ 'ਚ ਲਗਾਤਾਰ ਭਾਰੀ ਮੀਂਹ ਕਾਰਨ ਪੌਂਗ ਡੈਮ ਨੱਕੋ-ਨੱਕ ਭਰ ਚੁੱਕਾ ਹੈ, ਜਿਸ ਕਾਰਨ ਪਿਛਲੇ 10 ਦਿਨਾਂ ਤੋਂ ਪੌਂਗ ਡੈਮ ਦੇ ਫਲੱਡ ਗੇਟ ਲਗਾਤਾਰ ਖੁੱਲ੍ਹੇ ਹਨ, ਜਿਥੋਂ 1 ਲੱਖ ਕਿਊਸਿਕ ਦੇ ਕਰੀਬ ਪਾਣੀ ਰੋਜ਼ਾਨਾ ਬਿਆਸ ਦਰਿਆ 'ਚ ਛੱਡਿਆ ਜਾ ਰਿਹਾ ਹੈ | ਅੰਕੜਿਆਂ ਮੁਤਾਬਿਕ ਅੱਜ ਦੇਰ ਸ਼ਾਮ 7 ਵਜੇ ਦੀ ਤਾਜ਼ਾ ਸਥਿਤੀ ਅਨੁਸਾਰ ਡੈਮ ਦਾ ਪਾਣੀ ਪੱਧਰ 1390.30 ਫੁੱਟ ਤੱਕ ਪਹੁੰਚ ਗਿਆ ਹੈ, ਜਦੋਂ ਕਿ ਅਜੇ ਵੀ ਹਿਮਾਚਲ ਵਲੋਂ ਡੈਮ 'ਚ 107474 ਕਿਊਸਿਕ ਪਾਣੀ ਪਹੁੰਚ ਰਿਹਾ ਹੈ |
ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ 2 ਲੱਖ 80 ਹਜ਼ਾਰ ਕਿਊਸਿਕ
ਹਰੀਕੇ ਪੱਤਣ (ਤਰਨ ਤਾਰਨ), (ਸੰਜੀਵ ਕੁੰਦਰਾ)-ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਅੱਜ ਹੋਰ ਵਧ ਗਿਆ | ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ 'ਚ 2 ਲੱਖ 80 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਸੀ, ਜਦ ਕਿ ਬੀਤੇ ਕੱਲ੍ਹ 2 ਲੱਖ 74 ਹਜ਼ਾਰ ਕਿਊਸਿਕ ਸੀ | ਅੱਜ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ 2 ਲੱਖ 66 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਛੱਡੇ ਪਾਣੀ ਨੇ ਜਿਥੇ ਹਰੀਕੇ ਹਥਾੜ ਖੇਤਰ ਨੂੰ ਤਹਿਸ-ਨਹਿਸ ਕਰ ਦਿੱਤਾ ਤੇ ਹੁਣ ਹੋਰ ਵਧ ਰਿਹਾ ਪਾਣੀ ਧੁੱਸੀ ਬੰਨ੍ਹ ਨੂੰ ਵੀ ਢਾਹ ਲਗਾ ਰਿਹਾ ਹੈ, ਜੋ ਦਰਜਨ ਤੋਂ ਵੱਧ ਪਿੰਡਾਂ ਲਈ ਖ਼ਤਰੇ ਦੀ ਘੰਟੀ ਹੈ |
ਖਨÏਰੀ ਨੇੜੇ ਘੱਗਰ 'ਚ ਪਾਣੀ ਦਾ ਪੱਧਰ ਕੇਵਲ ਪੌਣਾ ਫੁੱਟ ਹੇਠਾਂ
ਖਨÏਰੀ (ਸੰਗਰੂਰ), (ਬਲਵਿੰਦਰ ਸਿੰਘ ਥਿੰਦ)-ਖਨÏਰੀ ਕੋਲੋਂ ਗੁਜ਼ਰਦੇ ਘੱਗਰ ਦਰਿਆ ਵਿੱਚ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਦੇ ਜਾ ਰਹੇ ਪਾਣੀ ਦੇ ਪੱਧਰ ਨੇ ਇਸ ਇਲਾਕੇ ਦੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਅਤੇ ਇਥੇ ਘੱਗਰ ਦਰਿਆ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕੇਵਲ ਪÏਣਾ ਕੁ ਫੁੱਟ ਥੱਲੇ ਰਹਿ ਗਿਆ ਹੈ ਤੇ ਪਲ ਪਲ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਦਾ ਜਾ ਰਿਹਾ ਹੈ, ਜਿਸ ਕਰਕੇ ਤਕਰੀਬਨ ਹਰ ਸਾਲ ਘੱਗਰ ਦਰਿਆ ਦੇ ਹੜ੍ਹਾਂ ਦਾ ਸ਼ਿਕਾਰ ਹੁੰਦੇ ਆ ਰਹੇ ਲੋਕਾਂ ਵਿੱਚ ਇਸ ਵਾਰ ਵੀ ਸੰਭਾਵੀ ਹੜਾਂ ਦਾ ਖ਼ਤਰਾ ਪੈਦਾ ਹੋ ਚੁੱਕਾ ਹੈ¢ ਸੋਮਵਾਰ ਰਾਤ ਦੇ 8 ਵਜੇ ਤੱਕ ਖਨÏਰੀ ਵਿਖੇ ਘੱਗਰ ਦਰਿਆ ਦੇ ਆਰ ਡੀ 460 ਪੁੱਲ ਤੇ ਲੱਗੇ ਮਾਪਦੰਡ ਅਨੁਸਾਰ ਪਾਣੀ ਦਾ ਪੱਧਰ 747.2 ਫੁੱਟ 'ਤੇ ਚੱਲ ਰਿਹਾ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ 748 ਫੁੱਟ ਤੋਂ ਸਿਰਫ ਪੌਣਾ ਕੁ ਫੁੱਟ ਹੇਠਾਂ ਹੈ¢

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ 'ਚ ਭੁਚਾਲ ਨਾਲ 800 ਤੋਂ ਵੱਧ ਮੌਤਾਂ, 2500 ਜ਼ਖ਼ਮੀ <br/> ਅਗਲੀ ਖ਼ਬਰ ਅੱਤਵਾਦ ਵਿਰੁੱਧ ਲੜਾਈ 'ਚ ਦੋਹਰੇ ਮਾਪਦੰਡ ਅਸਵੀਕਾਰਨ ਯੋਗ-ਐਸ.ਸੀ.ਓ. <br/>
Ad Position 24