ਅੰਮਿ੍ਤਸਰ, 1 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ 31 ਅਗਸਤ ਐਤਵਾਰ ਦੀ ਰਾਤ ਨੂੰ 11:47 ਵਜੇ (ਸਥਾਨਕ ਸਮੇਂ) 6.0 ਦੀ ਤੀਬਰਤਾ ਦਾ ਭੁਚਾਲ ਆਇਆ | ਇਸ 'ਚ ਹੁਣ ਤੱਕ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2500 ਤੋਂ ਵੱਧ ਲੋਕ ਜ਼ਖਮੀ ਹੋਏ ਹਨ | ਭੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌਂ ਰਹੇ ਸਨ, ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠ ਦੱਬ ਗਏ | ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ, ਕਿਉਂਕਿ ਜ਼ਖ਼ਮੀਆਂ 'ਚੋਂ ਬਹੁਤਿਆਂ ਦੀ ਹਾਲਤ ਗੰਭੀਰ ਹੈ ਅਤੇ ਸੈਂਕੜੇ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ | ਯੂ. ਐੱਸ. ਜੀਓਲੌਜੀਕਲ ਸਰਵੇ (ਯੂ. ਐੱਸ. ਜੀ. ਐੱਸ.) ਦੇ ਅਨੁਸਾਰ ਭੁਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਪੰਜਵੇਂ ਸਭ ਤੋਂ ਵੱਡੇ ਸ਼ਹਿਰ ਜਲਾਲਾਬਾਦ ਤੋਂ 27 ਕਿੱਲੋਮੀਟਰ ਦੂਰ ਅਤੇ ਸਤ੍ਹਾ ਤੋਂ ਲਗਭਗ 10 ਕਿੱਲੋਮੀਟਰ ਹੇਠਾਂ ਸੀ | ਦੱਸਿਆ ਜਾ ਰਿਹਾ ਹੈ ਕਿ ਅੱਧੀ ਰਾਤ ਨੂੰ ਆਏ ਭੁਚਾਲ ਕਾਰਨ ਮਿੱਟੀ ਅਤੇ ਪੱਥਰ ਨਾਲ ਬਣੇ ਘਰ ਢਹਿ ਗਏ | ਭੁਚਾਲ ਦੇ ਝਟਕੇ ਲਗਭਗ 400 ਕਿੱਲੋਮੀਟਰ ਦੂਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੱਕ ਮਹਿਸੂਸ ਕੀਤੇ ਗਏ | ਭੁਚਾਲ ਨੇ ਦੂਰ-ਦੁਰਾਡੇ ਪਹਾੜੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਅਫ਼ਗਾਨਿਸਤਾਨ ਦਾ ਕੁਨਾਰ ਪ੍ਰਾਂਤ ਭੁਚਾਲ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ | ਜ਼ਖ਼ਮੀਆਂ ਦੀ ਗਿਣਤੀ ਵਧੇਰੇ ਹੋਣ ਕਰਕੇ ਕੁਨਾਰ ਦੀ ਰਾਜਧਾਨੀ ਅਸਦਾਬਾਦ ਦੇ ਸੂਬਾਈ ਹਸਪਤਾਲ 'ਚ ਬਿਸਤਰਿਆਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ | ਰਾਜਧਾਨੀ ਕਾਬੁਲ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਬਚਾਅ ਟੀਮਾਂ ਦੂਰ-ਦੁਰਾਡੇ ਦੇ ਪਿੰਡਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ | ਸਿਹਤ ਮੰਤਰਾਲੇ ਦੇ ਬੁਲਾਰੇ ਸ਼ਰਾਫਤ ਜ਼ਮਾਨ ਨੇ ਦੱਸਿਆ ਕਿ ਕੁਨਾਰ ਸੂਬੇ ਦੇ ਤਿੰਨ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਕਈ ਹੋਰ ਪਿੰਡਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ | ਕੁਨਾਰ ਸੂਬੇ ਦੇ ਸੂਚਨਾ ਮੁਖੀ ਨਜੀਬੁੱਲਾ ਹਨੀਫ਼ ਨੇ ਦੱਸਿਆ ਕਿ ਮਿ੍ਤਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਰਾਹਤ ਕਰਮਚਾਰੀ ਪਾਕਿ ਦੇ ਸੂਬਾ ਖ਼ੈਬਰ ਪਖਤੂਨਖਵਾ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਲੋਕਾਂ ਦੀ ਭਾਲ ਕਰ ਰਹੇ ਸਨ | ਜ਼ਖ਼ਮੀਆਂ ਨੂੰ ਹਸਪਤਾਲ ਲਿਜਾਉਣ ਲਈ ਅਫ਼ਗਾਨਿਸਤਾਨ ਦੇ ਨੰਗਰਹਾਰ ਹਵਾਈ ਅੱਡੇ 'ਤੇ 35 ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ | ਜ਼ਖ਼ਮੀਆਂ ਨੂੰ ਹਵਾਈ ਅਤੇ ਜ਼ਮੀਨੀ ਰਸਤੇ ਹਸਪਤਾਲ ਲਿਜਾਇਆ ਜਾ ਰਿਹਾ ਹੈ | ਜ਼ਖਮੀਆਂ ਨੂੰ ਮਦਦ ਪ੍ਰਦਾਨ ਕਰਨ ਲਈ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ | ਤਾਲਿਬਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਵਿਦੇਸ਼ੀ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜ ਲਈ ਮਦਦ ਦੀ ਪੇਸ਼ਕਸ਼ ਨਹੀਂ ਕੀਤੀ ਹੈ |
ਅਫ਼ਗਾਨਿਸਤਾਨ 'ਚ ਭੁਚਾਲ ਨਾਲ 800 ਤੋਂ ਵੱਧ ਮੌਤਾਂ, 2500 ਜ਼ਖ਼ਮੀ <br/>
ਅਜੀਤ ਡੈਸਕ
02-09-2025