ਨਵੀਂ ਦਿੱਲੀ/ਚੰਡੀਗੜ੍ਹ, 1 ਸਤੰਬਰ (ਉਪਮਾ ਡਾਗਾ ਪਾਰਥ, ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਹੜ੍ਹਾਂ ਕਾਰਨ ਹੋ ਰਹੀ ਭਾਰੀ ਤਬਾਹੀ ਦਰਮਿਆਨ ਸੰਸਦ ਮੈਂਬਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਹਾਲਾਤਾਂ ਦੀ ਜਾਣਕਾਰੀ ਦਿੰਦਿਆਂ ਇਸ ਔਖੀ ਘੜੀ 'ਚ ਪੰਜਾਬ ਦੀ ਬਾਂਹ ਫੜਣ ਦੀ ਅਪੀਲ ਕਰ ਰਹੇ ਹਨ | ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, 'ਆਪ' ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਤੁਰੰਤ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਵੇ, ਤਾਂ ਜੋ ਸੂਬੇ 'ਚ ਆਈ ਇਸ ਭਿਆਨਕ ਆਫਤ 'ਚ ਰਾਹਤ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ ਅਤੇ ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਸਕੇ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨ ਤੇ ਨਾਲ ਹੀ ਐਨ. ਡੀ. ਆਰ. ਐਫ. ਤੇ ਫ਼ੌਜੀ ਅਮਲੇ ਦੀ ਤਾਇਨਾਤੀ ਵਧਾਉਣ, ਤਾਂ ਜੋ ਸੂਬੇ 'ਚ ਹੜ੍ਹ ਰਾਹਤ ਕਾਰਜਾਂ ਨੂੰ ਸੁਚੱਜੇ ਤਰੀਕੇ ਚਲਾਇਆ ਜਾ ਸਕੇ | ਆਪਣੇ ਦੌਰੇ ਦੌਰਾਨ ਉਨ੍ਹਾਂ ਪਾਕਿਸਤਾਨ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਸਮੇਤ ਦੂਰ-ਦੁਰਾਡੇ ਦੇ ਖੇਤਰਾਂ ਦਾ ਦੌਰਾ ਕੀਤਾ | ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਹਾਲਾਤ ਦੀ ਸਹੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਲੱਖਾਂ ਏਕੜ ਫਸਲ ਡੁੱਬ ਗਈ ਹੈ ਤੇ ਹਜ਼ਾਰਾਂ ਘਰਾਂ ਦਾ ਨੁਕਸਾਨ ਹੋਣ ਤੋਂ ਇਲਾਵਾ ਸੜਕੀ ਤੇ ਬਿਜਲੀ ਢਾਂਚੇ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਘਰਾਂ ਤੇ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਲਈ ਸਿੱਧੀ ਸਹਾਇਤਾ ਮਿਲਣੀ ਚਾਹੀਦੀ ਹੈ |
ਰੰਧਾਵਾ ਨੇ ਕਿ੍ਸ਼ਨ ਕੁਮਾਰ ਦੀ ਕੀਤੀ ਸ਼ਿਕਾਇਤ
ਪੰਜਾਬ 'ਚ ਹੜ੍ਹਾਂ ਲਈ ਠਹਿਰਾਇਆ ਜ਼ਿੰਮੇਵਾਰ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਪੰਜਾਬ 'ਚ ਹੜ੍ਹਾਂ ਲਈ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕਿ੍ਸ਼ਨ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਕਿਹਾ ਕਿ ਕਿ੍ਸ਼ਨ ਕੁਮਾਰ ਨੇ ਜਾਣਬੁੱਝ ਕੇ ਲੋੜੀਂਦੇ ਫੰਡ ਰੋਕੇ, ਜਿਸ ਨੇ ਰਾਵੀ ਦਰਿਆ ਸਮੇਤ ਬੰਨ੍ਹਾਂ ਅਤੇ ਹੜ੍ਹ ਸੁਰੱਖਿਆ ਉਪਾਵਾਂ ਨੂੰ ਬਣਾਈ ਰੱਖਣ ਦੀ ਸਾਡੀ ਸਮਰੱਥਾ ਨੂੰ ਸਿੱਧੇ ਤੌਰ 'ਤੇ ਕਮਜ਼ੋਰ ਕਰ ਦਿੱਤਾ ਤੇ ਹੁਣ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਬਣ ਗਿਆ ਹੈ, ਕਿਉਂਕਿ ਦਰਿਆ 'ਚ ਪਾੜ ਕਾਰਨ ਕਿਸੇ ਵੀ ਐਮਰਜੈਂਸੀ 'ਚ ਭਾਰਤੀ ਪੈਦਲ ਸੈਨਾ ਜਾਂ ਬਖਤਰਬੰਦ ਵਾਹਨਾਂ ਦਾ ਉੱਥੇ ਪਹੁੰਚਣਾ ਅਸੰਭਵ ਹੋ ਜਾਂਦਾ ਹੈ | ਉਨ੍ਹਾਂ ਵਿਰੁੱਧ ਜਾਂਚ ਦੀ ਮੰਗ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਇਹ ਜਾਂਚ ਪਹਿਲ ਦੇ ਆਧਾਰ 'ਤੇ ਕੀਤੀ ਜਾਣੀ ਚਾਹੀਦੀ ਹੈ |
ਸੁਖਬੀਰ, ਵੜਿੰਗ, ਮੀਤ ਹੇਅਰ ਅਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ <br/>
ਅਜੀਤ ਡੈਸਕ
02-09-2025