28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪ੍ਰਧਾਨ ਮੰਤਰੀ 9 ਨੂੰ ਕਰਨਗੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 07-09-2025

• ਰਾਹਤ ਸੰਬੰਧੀ ਹੋ ਸਕਦਾ ਹੈ ਐਲਾਨ • ਪੰਜਾਬ ਸਰਕਾਰ ਨੇ ਕੇਂਦਰੀ ਟੀਮ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਸੰਬੰਧੀ 13,289 ਕਰੋੜ ਦੀ ਮੁੱਢਲੀ ਰਿਪੋਰਟ ਦਿੱਤੀ
ਹਰਕਵਲਜੀਤ ਸਿੰਘ

ਚੰਡੀਗੜ੍ਹ, 6 ਸਤੰਬਰ-ਕੇਂਦਰ ਸਰਕਾਰ ਵਲੋਂ ਪੰਜਾਬ 'ਚ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਅਧਿਕਾਰੀਆਂ ਦੀਆਂ ਜੋ ਦੋ ਟੀਮਾਂ ਭੇਜੀਆਂ ਗਈਆਂ ਸਨ, ਉਨ੍ਹਾਂ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਅੱਜ ਇਥੇ ਰਾਜ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਪ੍ਰਮੁੱਖ ਵਿਭਾਗ ਦੇ ਪ੍ਰਬੰਧਕੀ ਸਕੱਤਰਾਂ ਨਾਲ ਮੀਟਿੰਗ ਵੀ ਕੀਤੀ ਗਈ, ਜਿਸ 'ਚ ਰਾਜ ਸਰਕਾਰ ਵਲੋਂ ਟੀਮ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਸੰਬੰਧੀ ਮੁੱਢਲੇ ਅਨੁਮਾਨਾਂ ਵਜੋਂ 13,289 ਕਰੋੜ ਦੇ ਹੋਏ ਨੁਕਸਾਨ ਦੀ ਰਿਪੋਰਟ ਸੌਂਪੀ ਗਈ | ਇਹ ਰਿਪੋਰਟ ਜ਼ਿਲ੍ਹਾ ਪੱਧਰ ਤੋਂ ਵੱਖ-ਵੱਖ ਵਿਭਾਗਾਂ ਵਲੋਂ ਹੋਏ ਨੁਕਸਾਨ ਸੰਬੰਧੀ ਬਣਾਈ ਗਈ ਹੈ ਜਦੋਂਕਿ ਅਜੇ ਕੁਝ ਖੇਤਰ ਅਧਿਕਾਰੀਆਂ ਦੀ ਪਹੁੁੰਚ ਤੋਂ ਬਾਹਰ ਹਨ | ਇਨ੍ਹਾਂ ਟੀਮਾਂ ਵਲੋਂ ਮੁੱਖ ਤੌਰ 'ਤੇ ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਗੁਰਦਾਸਪੁਰ, ਅੰਮਿ੍ਤਸਰ, ਪਠਾਨਕੋਟ ਅਤੇ ਕਪੂਰਥਲਾ ਵਿਖੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਭਾਵਿਤ ਹੋਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ | ਰਾਜ ਸਰਕਾਰ ਵਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਸਭ ਤੋਂ ਵੱਧ ਨੁਕਸਾਨ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸੰਬੰਧਿਤ ਖੇਤਰਾਂ ਦਾ ਹੋਇਆ ਜੋ ਕਿ 5043 ਕਰੋੜ ਰੁਪਏ ਹੈ | ਫ਼ਸਲ ਦਾ ਨੁਕਸਾਨ 1858 ਕਰੋੜ ਦਾ ਦੱਸਿਆ ਗਿਆ ਹੈ, ਜਦੋਂਕਿ ਜਲ ਪ੍ਰਬੰਧਨ ਦਾ 1520 ਕਰੋੜ, ਮੰਡੀ ਬੋਰਡ ਦਾ 1022 ਕਰੋੜ ਅਤੇ ਸਿਹਤ ਵਿਭਾਗ ਦੇ ਹੋਏ ਨੁਕਸਾਨ ਦਾ ਅੰਦਾਜ਼ਾ 780 ਕਰੋੜ ਰੁਪਏ ਹੈ | ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦਿਹਾਤੀ ਢਾਂਚਾ ਜਿਸ 'ਚ ਦਿਹਾਤੀ ਸੜਕਾਂ, ਪਿੰਡਾਂ ਦਾ ਮੁੱਢਲਾ ਢਾਂਚਾ, ਹਸਪਤਾਲ ਤੇ ਸਕੂਲਾਂ ਦੀਆਂ ਇਮਾਰਤਾਂ ਆਦਿ ਦਾ ਕਾਫ਼ੀ ਨੁਕਸਾਨ ਹੋਇਆ ਹੈ | ਖੇਤੀ ਵਿਭਾਗ ਦਾ 317 ਕਰੋੜ, ਸਿੱਖਿਆ ਵਿਭਾਗ ਦਾ 542 ਕਰੋੜ, ਬਿਜਲੀ ਢਾਂਚੇ ਦਾ 103 ਕਰੋੜ, ਉਚੇਰੀ ਸਿੱਖਿਆ ਢਾਂਚੇ ਦਾ 8 ਕਰੋੜ , ਫੂਡ ਸਪਲਾਈ ਦਾ 6 ਕਰੋੜ ਅਤੇ ਪਸ਼ੂਆਂ ਦੇ ਮਾਰੇ ਜਾਣ ਕਾਰਨ ਪਸ਼ੂ ਪਾਲਨ ਵਿਭਾਗ ਦਾ 7 ਕਰੋੜ ਅਤੇ ਜਲ ਸਪਲਾਈ ਵਿਭਾਗ ਦਾ 6 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ | ਕੇਂਦਰੀ ਟੀਮਾਂ ਵਲੋਂ ਮੁੱਢਲੇ ਅਨੁਮਾਨਾਂ ਸੰਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਵੀ ਲਈ ਗਈ ਅਤੇ ਕੇਂਦਰੀ ਟੀਮ ਵਲੋਂ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਕੱਲ੍ਹ ਸ਼ਾਮ ਤੱਕ ਸੌਂਪ ਦਿੱਤੀ ਜਾਵੇਗੀ | ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਗਏ ਹਨ, ਵਲੋਂ ਵੀ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪੀ ਗਈ ਹੈ | ਰਾਜ ਸਰਕਾਰ ਨੂੰ ਪ੍ਰਾਪਤ ਹੋਏ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ 9 ਸਤੰਬਰ ਨੂੰ ਹਵਾਈ ਸਰਵੇਖਣ ਕਰਨਗੇ ਅਤੇ ਗੁਰਦਾਸਪੁਰ ਵਿਖੇ ਉਤਰ ਕੇ ਰਾਜ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ | ਰਾਜ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਸਕਦੇ ਹਨ | ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਤੋਂ ਕੱਲ੍ਹ ਸ਼ਾਮ ਜਾਂ ਪਰਸੋਂ ਸਵੇਰੇ ਛੁੱਟੀ ਮਿਲ ਜਾਵੇਗੀ ਅਤੇ ਜੇ ਉਨ੍ਹਾਂ ਦੀ ਤਬੀਅਤ ਠੀਕ ਹੋਈ ਤਾਂ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ | ਸਮਝਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਆਪਣੀ ਫੇਰੀ ਦੌਰਾਨ ਰਾਜ ਲਈ ਕੁਝ ਰਾਹਤ ਰਾਸ਼ੀ ਦਾ ਵੀ ਐਲਾਨ ਕਰ ਸਕਦੇ ਹਨ ਕਿੳਾੁਕਿ ਕੇਂਦਰ ਸਰਕਾਰ ਨੂੰ ਹੋਏ ਨੁਕਸਾਨ ਸੰਬੰਧੀ ਮੁੱਢਲੇ ਅਨੁਮਾਨ ਮਿਲ ਗਏ ਹਨ | ਰਾਜ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਪਟਿਆਲਾ, ਗੁਰਦਾਸਪੁਰ ਤੇ ਸੰਗਰੂਰ ਤੋਂ ਪਾਣੀ ਦੇ ਕੁੱਝ ਥਾਵਾਂ ਵੱਧਣ ਦੀਆਂ ਰਿਪੋਰਟਾਂ ਸਨ ਪਰ ਬਾਕੀ ਥਾਵਾਂ 'ਤੇ ਪਾਣੀ ਘੱਟ ਰਿਹਾ ਸੀ ਅਤੇ ਜੇਕਰ ਅਗਲੇ 4-5 ਦਿਨਾਂ 'ਚ ਪਾਣੀ ਘੱਟ ਜਾਂਦਾ ਹੈ ਤਾਂ ਅਸਲ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਰਕਾਰ ਦੀਆਂ ਟੀਮਾਂ ਕੰਮ ਸ਼ੁਰੂ ਕਰ ਦੇਣਗੀਆਂ |

Ad Position 22
No active advertisement
ਪਿਛਲੀ ਖ਼ਬਰ ਲਾਲ ਕਿਲ੍ਹੇ ਦੇ ਅਹਾਤੇ 'ਚੋਂ ਕਰੀਬ 1 ਕਰੋੜ ਰੁਪਏ ਦਾ ਕਲਸ਼ ਚੋਰੀ ਅਗਲੀ ਖ਼ਬਰ ਸੀਤਾਰਮਨ ਵਲੋਂ ਸੂਬਿਆਂ ਦੇ ਵਿੱਤ ਮੰਤਰੀਆਂ ਦਾ ਧੰਨਵਾਦ
Ad Position 24