ਨਵੀਂ ਦਿੱਲੀ, 6 ਸਤੰਬਰ (ਮਿਸਰਦੀਪ ਭਾਟੀਆ)-ਪਿਛਲੇ ਦਿਨੀਂ ਦਿੱਲੀ ਦੇ ਲਾਲ ਕਿਲ੍ਹੇ ਦੇ ਅਹਾਤੇ ਵਿਚੋਂ ਲਗਭਗ 1 ਕਰੋੜ ਦਾ ਕਲਸ਼ ਚੋਰੀ ਹੋ ਗਿਆ | ਦੱਸਿਆ ਜਾਂਦਾ ਹੈ ਕਿ ਲਾਲ ਕਿਲ੍ਹੇ ਦੇ ਅਹਾਤੇ ਵਿਚ ਇਕ ਧਾਰਮਿਕ ਰਸਮ ਚੱਲ ਰਹੀ ਸੀ | ਲੋਕ ਧਾਰਮਿਕ ਰਸਮ ਵਿਚ ਰੁੱਝੇ ਹੋਏ ਸਨ, ਤਦ ਚੋਰਾਂ ਨੇ 760 ਗ੍ਰਾਮ ਸੋਨਾ ਅਤੇ 150 ਗ੍ਰਾਮ ਹੀਰਾ, ਮਾਣਿਕ ਅਤੇ ਪੰਨਾ ਨਾਲ ਜੜੇ ਕਲਸ਼ ਨੂੰ ਚੋਰੀ ਕਰ ਲਿਆ | ਫ਼ਿਲਹਾਲ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਚੋਰਾਂ ਦੀ ਭਾਲ ਕਰ ਰਹੀ ਹੈ | ਜਾਣਕਾਰੀ ਅਨੁਸਾਰ ਲਾਲ ਕਿਲ੍ਹੇ ਦੇ ਅਹਾਤੇ ਵਿਚ ਜੈਨ ਧਰਮ ਦੀ ਧਾਰਮਿਕ ਰਸਮ ਚੱਲ ਰਹੀ ਸੀ | ਇਸ ਦੌਰਾਨ ਚੋਰਾਂ ਨੇ ਮੌਕਾ ਦੇਖ ਕੇ ਕਲਸ਼ ਚੋਰੀ ਕਰ ਲਿਆ | ਸ਼ੱਕੀ ਦੀਆਂ ਗਤੀਵਿਧੀਆਂ ਸੀ.ਸੀ.ਟੀ.ਵੀ. ਫੁਟੇਜ ਵਿਚ ਕੈਦ ਹੋ ਗਈਆਂ ਹਨ | ਪੁਲਿਸ ਨੇ ਸ਼ੱਕੀ ਦੀ ਪਛਾਣ ਕਰ ਲਈ ਹੈ | ਇਸ ਮਾਮਲੇ ਵਿਚ ਭਾਰਤੀ ਦੰਡਾਵਲੀ (ਬੀ.ਐਨ.ਐਸ.), 2023 ਦੀ ਧਾਰਾ 303 (2) ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ |