ਖਨੌਰੀ/ਮੂਣਕ (ਸੰਗਰੂਰ), 6 ਸਤੰਬਰ (ਬਲਵਿੰਦਰ ਸਿੰਘ ਥਿੰਦ, ਸਿੰਗਲਾ, ਭਾਰਦਵਾਜ)-ਖਨੌਰੀ ਨੇੜਿਉਂ ਗੁਜ਼ਰਦਾ ਘੱਗਰ ਦਰਿਆ ਸਨਿਚਰਵਾਰ ਨੂੰ ਪੰਜਵੇਂ ਦਿਨ ਵੀ ਲਗਾਤਾਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿੰਦਾ ਰਿਹਾ | ਖਨੌਰੀ ਵਿਖੇ ਘੱਗਰ ਦਰਿਆ ਅਤੇ ਭਾਖੜਾ ਨਹਿਰ ਦੇ ਪੁੱਲ ਆਰ ਡੀ-460 'ਤੇ ਲੱਗੇ ਮਾਪ ਅਨੁਸਾਰ ਪਾਣੀ ਦਾ ਪੱਧਰ 750.6 ਫੁੱਟ 'ਤੇ ਚੱਲ ਰਿਹਾ ਸੀ, ਜੋ ਕਿ ਖ਼ਤਰੇ ਦੇ ਨਿਸ਼ਾਨ 748 ਫੁੱਟ ਤੋਂ ਢਾਈ ਫੁੱਟ ਉੱਪਰ ਸੀ | ਜਿਸ ਕਰ ਕੇ ਖਨੌਰੀ ਨੇੜਲੇ ਕਈ ਪਿੰਡਾਂ ਦੇ ਵਿਚ ਪਾਣੀ ਦਾ ਪੱਧਰ ਘੱਗਰ ਦਰਿਆ ਦੇ ਬੰਨ੍ਹ ਤੋਂ ਪੌਣਾਂ ਫੁੱਟ ਤੇ ਕਈਆਂ ਵਿਚ ਪੌਣਾਂ ਤੇ ਇਕ ਡੇਢ ਫੁੱਟ ਤੱਕ ਬੰਨ੍ਹਾਂ ਤੋਂ ਨੀਵਾਂ ਰਹਿ ਗਿਆ ਹੈ ਤੇ ਇਹਨਾਂ ਪਿੰਡਾਂ ਵਿਚ ਬੰਨ੍ਹ ਟੁੱਟਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ | ਪ੍ਰੰਤੂ ਲੋਕ ਵੀ ਪੂਰੇ ਹੌਸਲੇ ਨਾਲ ਡਟੇ ਹੋਏ ਹਨ ਅਤੇ ਜਿੱਥੇ ਕਿਤੇ ਬੰਨ੍ਹ ਕਮਜ਼ੋਰ ਦਿਸਦਾ ਹੈ ਜਾਂ ਪਾਣੀ ਰਿਸਦਾ ਹੈ ਤੁਰੰਤ ਹੀ ਮਿੱਟੀ ਦੇ ਥੈਲੇ ਵਗੈਰਾ ਲਾ ਕੇ ਉਸ ਨੂੰ ਮਜ਼ਬੂਤ ਕਰ ਰਹੇ ਹਨ | ਪਿੰਡ ਫੂਲਦ ਵਿਖੇ ਘੱਗਰ ਦਰਿਆ ਦੇ ਬੰਨ੍ਹ 'ਚੋਂ ਪਾਣੀ ਰਿਸਣਾ ਸ਼ੁਰੂ ਹੋ ਗਿਆ ਸੀ, ਜੋ ਕਿ ਲੋਕਾਂ ਵਲੋਂ ਭਾਰੀ ਮੁਸ਼ੱਕਤ ਉਪਰੰਤ ਬੰਦ ਕਰ ਦਿੱਤਾ ਗਿਆ | ਸ਼ੁੱਕਰਵਾਰ ਦੀ ਰਾਤ ਨੂੰ ਮਕੋਰੜ ਲਾਗੇ ਬੰਨ੍ਹ ਤੋਂ ਪਾਣੀ ਰਿਸਣ ਕਾਰਨ ਖਾਲੀ ਕੱਟਿਆਂ ਤੇ ਮਿੱਟੀ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਜਦੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਅਗਲੇ ਦਿਨ ਸਵੇਰੇ ਕਿਸਾਨਾਂ ਵਲੋਂ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ | ਘੱਗਰ ਦਰਿਆ ਵਿਚ ਪੈਣ ਵਾਲਾ ਭਾਂਖਰੁਪੁਰ 1.5 ਫੁੱਟ 'ਤੇ, ਸਰਾਲਾ 15.8 ਫੁੱਟ 'ਤੇ, ਸਨੌਲੀ 7.5 ਫੁੱਟ 'ਤੇ, ਟਾਂਗਰੀ 16.6 ਫੁੱਟ 'ਤੇ , ਮਾਰਕੰਡਾ 22.4 ਫੁੱਟ 'ਤੇ, ਪਟਿਆਲਾ ਨਦੀ ਇਕ ਫੁੱਟ 'ਤੇ ਅਤੇ ਟਕਾਨਸੂ ਦੋ ਫੁੱਟ 'ਤੇ ਚੱਲ ਰਹੇ ਹਨ | ਉਧਰ ਗੁੂਹਲਾ ਚੀਕਾ ਵਿਖੇ ਪਾਣੀ ਦਾ ਪੱਧਰ 23.9 ਫੁੱਟ 'ਤੇ ਚੱਲ ਰਿਹਾ ਹੈ |