ਨਵੀਂ ਦਿੱਲੀ, 6 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ ਅਤੇ ਅਮਰੀਕਾ ਦਰਮਿਆਨ 'ਟੈਰਿਫ਼ ਵਾਰ' ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਹਮੇਸ਼ਾ ਲਈ ਦੋਸਤ' ਕਹਿ ਕੇ ਟਿੱਪਣੀ ਕੀਤੀ, ਜਿਸ ਦੇ ਜਵਾਬ 'ਚ ਮੋਦੀ ਨੇ ਵੀ ਕਿਹਾ ਕਿ ਅਸੀਂ ਉਨ੍ਹਾਂ (ਟਰੰਪ) ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ | ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਬਹੁਤ ਹਾਂ-ਪੱਖੀ, ਦੂਰਦਰਸ਼ੀ, ਵਿਆਪਕ ਅਤੇ ਆਲਮੀ ਰਣਨੀਤਕ ਭਾਈਵਾਲੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਭਾਵਨਾਵਾਂ ਅਤੇ ਸੰਬੰਧਾਂ ਦੀ ਹਾਂ-ਪੱਖੀ ਸਮੀਖਿਆ ਦੀ ਡੂੰਘਾਈ ਨਾਲ ਸ਼ਲਾਘਾ ਕਰਦੇ ਹਨ | ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਬਹੁਤ ਹਾਂ-ਪੱਖੀ, ਦੂਰਦਰਸ਼ੀ, ਵਿਆਪਕ ਅਤੇ ਆਲਮੀ ਰਣਨੀਤਕ ਸਾਂਝੇਦਾਰੀ ਹੈ | ਮੋਦੀ ਨੇ ਆਪਣੇ ਸੰਦੇਸ਼ ਦੇ ਨਾਲ ਟਰੰਪ ਵਲੋਂ ਦਿੱਤੇ ਉਸ ਬਿਆਨ ਨੂੰ ਵੀ ਟੈਗ ਕੀਤਾ ਜਿਸ 'ਚ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ (ਨਰਿੰਦਰ) ਮੋਦੀ ਦੇ ਦੋਸਤ ਰਹਿਣਗੇ | ਟਰੰਪ ਨੇ ਮੋਦੀ ਨੂੰ 'ਸ਼ਾਨਦਾਰ ਪ੍ਰਧਾਨ ਮੰਤਰੀ' ਦੱਸਦਿਆਂ ਰੂਸ ਤੋਂ ਤੇਲ ਖ਼ਰੀਦਣ ਪ੍ਰਤੀ ਨਾਰਾਜ਼ਗੀ ਪ੍ਰਗਟਾਉਂਦਿਆਂ ਇਹ ਵੀ ਕਿਹਾ ਕਿ ਪਰ ਉਨ੍ਹਾਂ ਨੂੰ ਮੋਦੀ ਵਲੋਂ ਕੀਤੇ ਜਾ ਰਹੇ ਕੰਮ ਪਸੰਦ ਨਹੀਂ ਆ ਰਹੇ | ਉਸ ਤੋਂ ਬਾਅਦ ਮੁੜ ਦੁਹਰਾਉਂਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ 'ਚ ਵਿਸ਼ੇਸ਼ ਸੰਬੰਧ ਹਨ | 'ਚਿੰਤਾ ਦੀ ਕੋਈ ਗੱਲ ਨਹੀਂ, ਬਸ ਕਦੇ-ਕਦੇ ਕੁਝ ਅਜਿਹੇ ਪਲ ਆ ਜਾਂਦੇ ਹਨ |' ਟਰੰਪ ਵਲੋਂ ਭਾਰਤ ਨਾਲ 'ਚੰਗੇ ਰਿਸ਼ਤਿਆਂ' ਨੂੰ ਲੈ ਕੇ ਬਿਆਨ, ਉਨ੍ਹਾਂ ਦੇ ਇਕ ਦਿਨ ਪਹਿਲਾਂ ਦਿੱਤੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਅਸੀਂ ਭਾਰਤ ਨੂੰ ਚੀਨ ਦੇ ਹੱਥਾਂ 'ਚ ਗੁਆ ਦਿੱਤਾ ਹੈ |