ਨਵੀਂ ਦਿੱਲੀ, 6 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਵਲੋਂ 8 ਸਤੰਬਰ ਨੂੰ ਕੀਤੀ ਜਾ ਰਹੀ ਬਿ੍ਕਸ ਨੇਤਾਵਾਂ ਦੀ ਵਰਚੂਅਲ ਮੀਟਿੰਗ 'ਚ ਹਿੱਸਾ ਨਹੀਂ ਲੈਣਗੇ | ਇਸ ਸਿਖ਼ਰ ਸੰਮੇਲਨ 'ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਭਾਰਤ ਦੀ ਨੁਮਾਇੰਦਗੀ ਕਰਨਗੇ | 8 ਸਤੰਬਰ ਨੂੰ ਹੋਣ ਵਾਲੀ ਬਿ੍ਕਸ ਨੇਤਾਵਾਂ ਦੀ ਬੈਠਕ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਅਤੇ ਬਹੁਧਿਰਵਾਦ ਨੂੰ ਵਧਾਵਾ ਦੇਣ ਦੇ ਢੰਗ-ਤਰੀਕਿਆਂ 'ਤੇ ਚਰਚਾ ਹੋਵੇਗੀ, ਜਿਸ ਤੋਂ ਬਾਅਦ ਇਕ ਸਾਂਝਾ ਬਿਆਨ ਵੀ ਜਾਰੀ ਕੀਤਾ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਭਾਰਤ ਅਗਲੇ ਸਾਲ ਬਿ੍ਕਸ ਦੀ ਪ੍ਰਧਾਨਗੀ ਕਰੇਗਾ | ਮੋਦੀ ਦੇ ਇਸ ਮੀਟਿੰਗ 'ਚ ਸ਼ਾਮਿਲ ਨਾ ਹੋਣ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸਿਖ਼ਰ ਸੰਮੇਲਨ 'ਚ ਉਨ੍ਹਾਂ (ਮੋਦੀ) ਦੀ ਸ਼ਮੂਲੀਅਤ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ | ਐਸ.ਸੀ.ਓ. ਸਿਖ਼ਰ ਸੰਮੇਲਨ 'ਚ ਭਾਰਤ ਨੇ ਅਮਰੀਕਾ ਦੇ ਨਾਲ ਟੈਰਿਫ ਵਿਵਾਦ ਦਰਮਿਆਨ ਆਪਣੀ ਰਣਨੀਤਕ ਖੁਦਮੁਖਤਿਆਰੀ ਦਾ ਵਿਖਾਵਾ ਕਰਦਿਆਂ ਹਿੱਸਾ ਲਿਆ ਸੀ |