ਪਟਨਾ, 24 ਸਤੰਬਰ (ਪੀ.ਟੀ.ਆਈ.)-ਕਾਂਗਰਸ ਨੇ ਬੁੱਧਵਾਰ ਨੂੰ ਕਿਹਾ ਕਿ ਵਿਸ਼ੇਸ਼ ਵਿਆਪਕ ਸੋਧ ਦੀ ਸਾਜਿਸ਼ ਸਾਡੇ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ ਤੇ ਇਹ ਭਾਜਪਾ ਦੇ ਟੂਲਕਿੱਟ ਤੋਂ ਵੋਟਰ ਸੂਚੀਆਂ 'ਚ ਹੇਰਾਫੇਰੀ ਕਰਨ ਅਤੇ ਸੱਤਾ 'ਤੇ ਟਿਕੇ ਰਹਿਣ ਲਈ ਇਕ ਹੋਰ ਗੰਦੀ ਚਾਲ ਹੈ | ਇਹ ਦਾਅਵੇ ਦੋ ਮਤਿਆਂ 'ਚ ਕੀਤੇ ਗਏ, ਇਕ ਰਾਜਨੀਤਕ ਅਤੇ ਦੂਜਾ ਬਿਹਾਰ ਦੇ ਵੋਟਰਾਂ ਨੂੰ ਅਪੀਲ, ਜਿਨ੍ਹਾਂ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.) ਦੀ ਮੀਟਿੰਗ 'ਚ ਪਾਸ ਕੀਤਾ ਗਿਆ, ਮੀਟਿੰਗ ਦੀ ਪ੍ਰਧਾਨਗੀ ਇਥੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕੀਤੀ ਤੇ ਇਸ ਵਿਚ ਸਾਬਕਾ ਪਾਰਟੀ ਮੁਖੀ ਰਾਹੁਲ ਗਾਂਧੀ, ਖਜ਼ਾਨਚੀ ਅਜੈ ਮਾਕਨ, ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਜੈਰਾਮ ਰਮੇਸ਼ ਤੇ ਸਚਿਨ ਪਾਇਲਟ ਅਤੇ ਬਿਹਾਰ ਕਾਂਗਰਸ ਮੁਖੀ ਰਾਜੇਸ਼ ਕੁਮਾਰ ਸ਼ਾਮਿਲ ਹੋਏ | ਸਦਾਕਤ ਆਸ਼ਰਮ ਵਿਖੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਅਗਲੇ ਇਕ ਮਹੀਨੇ 'ਚ ਰਾਹੁਲ ਗਾਂਧੀ ਵੋਟ ਚੋਰੀ ਬਾਰੇ ਹੋਰ ਖੁਲਾਸੇ ਕਰਨਗੇ ਜੋ ਹਾਈਡ੍ਰੋਜਨ ਬੰਬ, ਮਿੰਨੀ ਹਾਈਡ੍ਰੋਜਨ ਬੰਬ ਅਤੇ ਪਲੂਟੋਨੀਅਮ ਬੰਬ ਵਰਗੇ ਹੋਣਗੇ | ਰਮੇਸ਼ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਐਨ.ਡੀ.ਏ. ਸਰਕਾਰ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਦੋ ਮਹੀਨਿਆਂ 'ਚ ਬਿਹਾਰ 'ਚ ਇਕ ਮਹਾਂਗੱਠਜੋੜ ਸਰਕਾਰ ਸੱਤਾ 'ਚ ਆਵੇਗੀ | ਸੀ.ਡਬਲਯੂ.ਸੀ. ਵਲੋਂ ਪਾਸ ਕੀਤੇ ਗਏ ਰਾਜਨੀਤਕ ਮਤੇ 'ਚ ਲਿਖਿਆ ਗਿਆ ਹੈ ਕਿ ਵੋਟ ਚੋਰੀ ਅਤੇ ਸਾਡੀਆਂ ਵੋਟਰ ਸੂਚੀਆਂ 'ਚ ਬੇਨਿਯਮੀਆਂ ਨੇ ਸਾਡੇ ਲੋਕਤੰਤਰ ਦੀਆਂ ਨੀਹਾਂ 'ਚ ਲੋਕਾਂ ਦੇ ਵਿਸ਼ਵਾਸ ਨੂੰ ਹਿਲਾ ਦਿੱਤਾ ਹੈ | ਬਿਹਾਰ ਦੇ ਵੋਟਰਾਂ ਨੂੰ ਕੀਤੀ ਆਪਣੀ ਅਪੀਲ 'ਚ ਕਾਂਗਰਸ ਵਰਕਿੰਗ ਕਮੇਟੀ ਨੇ ਉਨ੍ਹਾਂ ਨੂੰ ਆਪਣੀ ਵੋਟ ਦੀ ਤਾਕਤ ਨੂੰ ਪਛਾਣਨ ਦੀ ਅਪੀਲ ਕੀਤੀ |
ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ-ਕਾਂਗਰਸ
ਅਜੀਤ ਡੈਸਕ
25-09-2025