ਕਿਹਾ, ਵਿਸ਼ਵ 'ਚ ਕਿਸੇ ਵੀ ਸੰਕਟ ਦੌਰਾਨ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਖੜ੍ਹਦਾ ਹੈ ਭਾਰਤ
ਰਾਏਪੁਰ, 1 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸੇ ਵੀ ਵਿਸ਼ਵ ਸੰਕਟ ਦੌਰਾਨ ਪ੍ਰਤੀਕਿਰਿਆ ਦੇਣ ਵਾਲਾ ਭਾਰਤ ਹਮੇਸ਼ਾ ਸਭ ਤੋਂ ਪਹਿਲਾਂ ਦੇਸ਼ ਹੰੁਦਾ ਹੈ ਤੇ ਕਿਹਾ ਕਿ ਦੇਸ਼ ਹਮੇਸ਼ਾ ਮਦਦ ਪ੍ਰਦਾਨ ਕਰਨ ਲਈ ਇਕ ਭਰੋਸੇਯੋਗ ਭਾਈਵਾਲ ਵਜੋਂ ਅੱਗੇ ਆਇਆ ਹੈ | ਛੱਤੀਸਗੜ੍ਹ ਦੇ ਨਵਾ ਰਾਏਪੁਰ 'ਚ ਬ੍ਰਹਮਾ ਕੁਮਾਰੀਆਂ ਦੇ ਅਧਿਆਤਮਿਕ ਸਿੱਖਿਆ ਤੇ ਧਿਆਨ ਲਈ ਸ਼ਾਂਤੀ ਸਿਖਰ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੰਤਰ ਰਾਜਾਂ ਦੇ ਵਿਕਾਸ ਦੁਆਰਾ ਦੇਸ਼ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਦੁਨੀਆ 'ਚ ਕੋਈ ਸੰਕਟ ਆਉਂਦਾ ਹੈ, ਕੋਈ ਆਫ਼ਤ ਆਉਂਦੀ ਹੈ, ਭਾਰਤ ਮਦਦ ਪ੍ਰਦਾਨ ਕਰਨ ਲਈ ਇਕ ਭਰੋਸੇਯੋਗ ਭਾਈਵਾਲ ਵਜੋਂ ਅੱਗੇ ਵਧਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਉਹ ਹਾਂ ਜੋ ਹਰ ਜੀਵ 'ਚ ਸ਼ਿਵ ਨੂੰ ਦੇਖਦੇ ਹਾਂ | ਉਨ੍ਹਾਂ ਕਿਹਾ ਕਿ ਸਾਡੀ ਪਰੰਪਰਾ 'ਚ ਹਰ ਧਾਰਮਿਕ ਰਸਮ ਇਸ ਐਲਾਨ ਨਾਲ ਸਮਾਪਤ ਹੁੰਦੀ ਹੈ ਕਿ ਦੁਨੀਆ ਖੁਸ਼ਹਾਲ ਹੋਵੇ ਤੇ ਸਾਰੇ ਜੀਵਾਂ 'ਚ ਸਦਭਾਵਨਾ ਪ੍ਰਬਲ ਹੋਵੇ | ਮੋਦੀ ਨੇ ਕਿਹਾ ਕਿ ਇਸ ਮੰਤਰ ਤੋਂ ਸੇਧਿਤ ਹੋ ਕੇ ਕਿ ਰਾਜ ਦਾ ਵਿਕਾਸ ਰਾਸ਼ਟਰ ਦੇ ਵਿਕਾਸ ਵੱਲ ਲੈ ਜਾਂਦਾ ਹੈ, ਸਰਕਾਰ ਭਾਰਤ ਨੂੰ ਵਿਕਸਿਤ ਬਣਾਉਣ ਲਈ ਵਿਕਾਸ ਭਾਰਤ ਮਿਸ਼ਨ 'ਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਇਕ ਵਿਕਸਿਤ ਭਾਰਤ ਵੱਲ ਇਸ ਮਹੱਤਵਪੂਰਨ ਯਾਤਰਾ 'ਚ ਬ੍ਰਹਮਾ ਕੁਮਾਰੀਆਂ ਵਰਗੀਆਂ ਸੰਸਥਾਵਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ | ਮੈਂ ਤੁਹਾਡੇ ਸਾਰਿਆਂ ਨਾਲ ਕਈ ਦਹਾਕਿਆਂ ਤੋਂ ਜੁੜਿਆ ਹੋਇਆ ਹਾਂ | ਮੈਂ ਇੱਥੇ ਮਹਿਮਾਨ ਨਹੀਂ ਹਾਂ, ਮੈਂ ਤੁਹਾਡੇ 'ਚੋਂ ਇਕ ਹਾਂ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ | ਅੱਜ, ਛੱਤੀਸਗੜ੍ਹ ਆਪਣੀ ਸਥਾਪਨਾ ਦੇ 25 ਸਾਲ ਪੂਰੇ ਕਰ ਰਿਹਾ ਹੈ | ਝਾਰਖੰਡ ਤੇ ਉੱਤਰਾਖੰਡ ਵੀ 25 ਸਾਲ ਪੂਰੇ ਕਰ ਰਹੇ ਹਨ | ਕਈ ਹੋਰ ਰਾਜ ਵੀ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਨ | ਮੈਂ ਇਨ੍ਹਾਂ ਸਾਰੇ ਰਾਜਾਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ 'ਤੇ ਦਿਲੋਂ ਵਧਾਈਆਂ ਦਿੰਦਾ ਹਾਂ |
ਵਿਕਾਸ ਭਾਰਤ ਮਿਸ਼ਨ ਵਿਚ ਲੱਗੀ ਹੋਈ ਹੈ ਸਰਕਾਰ-ਮੋਦੀ
ਅਜੀਤ ਡੈਸਕ
02-11-2025