ਨਵੀਂ ਦਿੱਲੀ, 1 ਨਵੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਈ ਗਈ '1984 ਸਿੱਖ ਕਤਲੇਆਮ' ਦੀ ਯਾਦਗਾਰ (ਸੱਚ ਦੀ ਕੰਧ) ਵਿਖੇ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਮੈਂਬਰਾਂ ਤੋਂ ਇਲਾਵਾ ਐਡਵੋਕੇਟ ਐਚ.ਐਸ. ਫੂਲਕਾ, ਐਡਵੋਕੇਟ ਗੁਰਬਖ਼ਸ਼ ਸਿੰਘ, 1984 ਕਤਲੇਆਮ ਦੇ ਚਸ਼ਮਦੀਦ ਗਵਾਹ ਬੀਬੀ ਜਗਦੀਸ਼ ਕੌਰ, ਜਗਸ਼ੇਰ ਸਿੰਘ ਸਮੇਤ 1984 ਦੇ ਪੀੜਤ ਪਰਿਵਾਰ ਤੇ ਵਿਧਵਾ ਔਰਤਾਂ ਨੇ ਵੀ ਹਾਜ਼ਰੀ ਭਰੀ | ਸ਼ਰਧਾਂਜਲੀ ਸਮਾਗਮ ਦੌਰਾਨ ਸ. ਕਾਲਕਾ ਤੇ ਸ. ਕਾਹਲੋਂ ਨੇ ਕਿਹਾ ਕਿ ਜਦੋਂ ਤੱਕ 1984 ਦੇ ਸਿੱਖ ਕਤਲੇਆਮ ਦੇ ਸਾਰੇ ਪੀੜਤਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲ ਜਾਂਦਾ, ਦਿੱਲੀ ਕਮੇਟੀ ਇਹ ਸੰਘਰਸ਼ ਲਗਾਤਾਰ ਜਾਰੀ ਰੱਖੇਗੀ | ਉਨ੍ਹਾਂ ਕਿਹਾ ਕਿ ਪਿਛਲੇ 41 ਸਾਲਾਂ ਤੋਂ ਸਿੱਖ ਕੌਮ ਇਨਸਾਫ਼ ਲਈ ਜੱਦੋਜਹਿਦ ਕਰ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਇਕ ਦਿਨ ਸਾਰੇ ਦੋਸ਼ੀ ਸਲਾਖ਼ਾਂ ਪਿੱਛੇ ਹੋਣਗੇ | ਇਸ ਮੌਕੇ ਕਤਲੇਆਮ ਦੀ ਸਾਰੀ ਸੱਚਾਈ ਸਾਹਮਣੇ ਲਿਆਉਣ ਲਈ ਇਕ ਟਰੁੱਥ ਕਮਿਸ਼ਨ ਬਣਾਉਣ ਦੀ ਗੱਲ ਵੀ ਆਖੀ ਗਈ |