ਦੋਵਾਂ ਗੁਆਂਢੀਆਂ ਵਿਚਾਲੇ ਵਧਿਆ ਤਣਾਅ
ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਇਕ ਵਾਰ ਫਿਰ ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਦੇ ਸਪਿਨ ਬੋਲਡਕ ਜ਼ਿਲ੍ਹੇ 'ਚ ਹਮਲੇ ਕੀਤੇ ਹਨ, ਜਿਸ ਦੇ ਨਤੀਜੇ ਵਜੋਂ 5 ਆਮ ਨਾਗਰਿਕਾਂ ਦੀ ਮੌਤ ਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ | ਹਮਲਿਆਂ ਤੋਂ ਬਾਅਦ ਪਾਕਿ-ਅਫ਼ਗਾਨਿਸਤਾਨ ਸਰਹੱਦ 'ਤੇ ਮੁੜ ਤੋਂ ਤਣਾਅ ਵਧ ਗਿਆ ਹੈ | ਅਫ਼ਗਾਨ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਇਸਲਾਮਿਕ ਅਮੀਰਾਤ ਦੀਆਂ ਫੌਜਾਂ ਪਾਕਿਸਤਾਨੀ ਹਮਲਿਆਂ ਦਾ ਮੂੰਹ-ਤੋੜ ਜਵਾਬ ਦੇ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਵਾਰਤਾ ਅਸਫ਼ਲ ਹੋਣ ਤੋਂ ਬਾਅਦ ਸਰਹੱਦ 'ਤੇ ਭਾਰੀ ਗੋਲੀਬਾਰੀ ਹੋਈ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ | ਪਾਕਿ ਦੇ ਪ੍ਰਧਾਨ ਮੰਤਰੀ ਦੇ ਬੁਲਾਰੇ ਮੁਸ਼ੱਰਫ ਜ਼ੈਦੀ ਨੇ ਅਫ਼ਗਾਨ ਫੌਜ 'ਤੇ ਚਮਨ ਸਰਹੱਦ 'ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਦਾ ਦੋਸ਼ ਲਗਾਇਆ | ਉਨ੍ਹਾਂ ਨੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਆਪਣੀ ਖੇਤਰੀ ਅਖੰਡਤਾ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ | ਪਾਕਿ ਮੀਡੀਆ ਅਨੁਸਾਰ ਕੁਝ ਜ਼ਖਮੀਆਂ ਨੂੰ ਚਮਨ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਇਕ ਔਰਤ ਸਮੇਤ ਤਿੰਨ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ | ਪਾਕਿ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਜਾਂ ਵਿਦੇਸ਼ ਮੰਤਰਾਲੇ ਵਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ | ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਅਫ਼ਗਾਨ ਬਲਾਂ ਨੇ ਬਦਨੀ ਖੇਤਰ 'ਚ ਮੋਰਟਾਰ ਗੋਲੇ ਦਾਗੇ | ਇਸ 'ਤੇ ਅਫ਼ਗਾਨ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਪਾਕਿ ਨੇ ਹਮਲਾ ਕੀਤਾ ਅਤੇ ਉਨ੍ਹਾਂ ਦੀਆਂ ਫੌਜਾਂ ਨੇ ਸਿਰਫ਼ ਜਵਾਬੀ ਗੋਲੀਬਾਰੀ ਕੀਤੀ |
ਔਚਮਨ-ਕੰਧਾਰ ਹਾਈਵੇਅ 'ਤੇ ਵੀ ਹੋਈਆਂ ਝੜਪਾਂ
ਚਮਨ-ਕੰਧਾਰ ਹਾਈਵੇਅ 'ਤੇ ਵੀ ਝੜਪਾਂ ਦੀ ਰਿਪੋਰਟ ਮਿਲੀ ਹੈ, ਪਰ ਇਸ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕੀ | ਕੋਇਟਾ 'ਚ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ਰਾਤ 10 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਦੇਰ ਰਾਤ ਤੱਕ ਜਾਰੀ ਰਹੀ |
ਤੋਰਖਮ ਤੇ ਚਮਨ ਸਰਹੱਦ ਫਿਰ ਬੰਦ
ਪਾਕਿ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨ-ਅਫ਼ਗਾਨਿਸਤਾਨ ਰੂਟਾਂ (ਤੋਰਖਮ ਅਤੇ ਚਮਨ) ਦੇ ਵਾਰ-ਵਾਰ ਬੰਦ ਹੋਣ ਨਾਲ ਦੁਵੱਲਾ ਦਵਾਈ ਵਪਾਰ ਠੱਪ ਹੋ ਗਿਆ ਹੈ | ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਸੈਂਕੜੇ ਟਰੱਕ ਫਸੇ ਹੋਏ ਹਨ ਅਤੇ ਪਾਕਿ ਦੇ ਲਗਭਗ 20 ਕਰੋੜ ਡਾਲਰ ਦੇ ਫਾਰਮਾਸਿਊਟੀਕਲ ਨਿਰਯਾਤ ਨੂੰ ਖ਼ਤਰਾ ਹੈ | ਪਾਕਿ ਮੀਡੀਆ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਪਾਕਿ ਦਾ ਸਭ ਤੋਂ ਵੱਡਾ ਓਵਰਲੈਂਡ ਵਪਾਰਕ ਭਾਈਵਾਲ ਹੈ ਅਤੇ ਮੱਧ ਏਸ਼ੀਆ ਲਈ ਇਕ ਮੁੱਖ ਆਵਾਜਾਈ ਰਸਤਾ ਹੈ |
ਪਾਕਿਸਤਾਨ ਨੇ ਅਫ਼ਗਾਨਿਸਤਾਨ 'ਤੇ ਮੁੜ ਕੀਤੇ ਹਮਲੇ-5 ਮੌਤਾਂ
ਅਜੀਤ ਡੈਸਕ
07-12-2025