ਨਵੀਂ ਦਿੱਲੀ, 6 ਦਸੰਬਰ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਰੋਬਾਰੀ ਅਨਿਲ ਅੰਬਾਨੀ ਦੀ ਸਮੂਹ ਕੰਪਨੀ ਰਿਲਾਇੰਸ ਪਾਵਰ ਲਿਮਟਿਡ ਤੇ 10 ਹੋਰ ਕੰਪਨੀਆਂ ਵਿਰੁੱਧ ਟੈਂਡਰ ਹਾਸਿਲ ਕਰਨ ਲਈ ਕਥਿਤ ਤÏਰ 'ਤੇ 68 ਕਰੋੜ ਰੁਪਏ ਦੀ ਜਾਅਲੀ ਬੈਂਕ ਗਾਰੰਟੀ ਜਾਰੀ ਕਰਨ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ 'ਚ ਦੋਸ਼ ਪੱਤਰ ਦਾਖ਼ਲ ਕੀਤਾ ਹੈ | ਇਸਤਗਾਸਾ ਸ਼ਿਕਾਇਤ 'ਚ ਨਾਮਜ਼ਦ ਹੋਰ ਦੋਸ਼ੀਆਂ ਵਿਚ ਰਿਲਾਇੰਸ ਪਾਵਰ ਦੇ ਸਾਬਕਾ ਸੀ.ਐਫ.ਓ. (ਮੁੱਖ ਵਿੱਤੀ ਅਧਿਕਾਰੀ) ਅਸ਼ੋਕ ਕੁਮਾਰ ਪਾਲ, ਰਿਲਾਇੰਸ ਐਨ.ਯੂ. ਬੇਸ ਲਿਮਟਿਡ, ਰੋਜ਼ਾ ਪਾਵਰ ਸਪਲਾਈ ਕੰਪਨੀ ਲਿਮਟਿਡ (ਰਿਲਾਇੰਸ ਪਾਵਰ ਦੀਆਂ ਸਹਾਇਕ ਕੰਪਨੀਆਂ), ਰਿਲਾਇੰਸ ਗਰੁੱਪ ਦੇ ਕਾਰਜਕਾਰੀ ਪੁਨੀਤ ਨਰਿੰਦਰ ਗਰਗ, ਓਡੀਸ਼ਾ-ਅਧਾਰਿਤ ਸ਼ੈਲ ਕੰਪਨੀ ਬਿਸਵਾਲ ਟ੍ਰੇਡਲਿੰਕ ਪ੍ਰਾਈਵੇਟ ਲਿਮਟਿਡ, ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪੀ. ਸਾਰਥੀ ਬਿਸਵਾਲ ਅਤੇ ਵਪਾਰ ਵਿੱਤ ਸਲਾਹਕਾਰ ਅਮਰ ਨਾਥ ਦੱਤਾ ਸ਼ਾਮਿਲ ਹਨ | ਏਜੰਸੀ ਦੇ ਅਨੁਸਾਰ ਕੁਝ ਹੋਰ ਦੋਸ਼ੀਆਂ 'ਚ ਬਾਇਓਥੇਨ ਕੈਮੀਕਲਜ਼ ਪ੍ਰਾਈਵੇਟ ਲਿਮਟਿਡ, ਰਵਿੰਦਰ ਪਾਲ ਸਿੰਘ ਚੱਢਾ, ਮਨੋਜ ਭਈਆਸਾਹਿਬ ਪੋਂਗੜੇ ਤੇ ਪੁਨੀਤ ਨਰਿੰਦਰ ਗਰਗ ਵੀ ਸ਼ਾਮਿਲ ਹਨ | ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਹਵਾਲਾ ਰਾਸ਼ੀ ਰੋਕਥਾਮ ਐਕਟ (ਪੀ.ਐਮ.ਐਲ.ਏ.) ਦੀਆਂ ਧਾਰਾਵਾਂ ਦੇ ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਹ ਮਾਮਲਾ ਰਿਲਾਇੰਸ ਐਨ.ਯੂ. ਬੇਸ ਲਿਮਟਿਡ, ਜੋ ਕਿ ਸੂਚੀਬੱਧ ਕੰਪਨੀ ਰਿਲਾਇੰਸ ਪਾਵਰ ਦੀ ਸਹਾਇਕ ਕੰਪਨੀ ਹੈ, ਵਲੋਂ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਐਸ. ਈ. ਸੀ. ਆਈ.) ਤੋਂ ਟੈਂਡਰ ਪ੍ਰਾਪਤ ਕਰਨ ਲਈ ਜਮ੍ਹਾਂ ਕਰਵਾਈ ਗਈ 68.2 ਕਰੋੜ ਦੀ ਬੈਂਕ ਗਾਰੰਟੀ ਨਾਲ ਸੰਬੰਧਿਤ ਹੈ |