ਨਵੀਂ ਦਿੱਲੀ, 6 ਦਸੰਬਰ (ਪੀ. ਟੀ. ਆਈ.)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 8 ਦਸੰਬਰ ਨੂੰ ਆਪਣੀ ਪੂਰੀ ਕੈਬਨਿਟ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹੇ ਕੰਪਲੈਕਸ ਵਿਖੇ ਕਰਵਾਏ ਗਏ ਤਿੰਨ ਦਿਨਾਂ ਗੁਰਮਤਿ ਸਮਾਗਮ ਦੀ ਸਫਲ ਸਮਾਪਤੀ ਲਈ ਗੁਰੂ ਸਾਹਿਬ ਦਾ ਧੰਨਵਾਦ ਕਰਨਗੇ | ਮੁੱਖ ਮੰਤਰੀ ਨੇ ਕਿਹਾ ਕਿ ਇੰਨਾ ਵੱਡਾ ਧਾਰਮਿਕ ਸਮਾਗਮ ਦਰਬਾਰ ਸਾਹਿਬ ਦੇ ਆਸ਼ੀਰਵਾਦ ਨਾਲ ਹੀ ਸਫਲਤਾਪੂਰਵਕ ਪੂਰਾ ਹੋਇਆ | ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪੂਰੀ ਕੈਬਨਿਟ ਨਾਲ ਦਰਬਾਰ ਸਾਹਿਬ ਦੀ ਫੇਰੀ ਸਿਰਫ਼ ਇਕ ਰਸਮੀ ਯਾਤਰਾ ਨਹੀਂ ਹੈ, ਸਗੋਂ ਗੁਰੂ ਪਰੰਪਰਾ ਪ੍ਰਤੀ ਡੂੰਘੀ ਆਸਥਾ ਤੇ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ | ਸਿੱਖ ਇਤਿਹਾਸ ਵਿਚ ਦਰਬਾਰ ਸਾਹਿਬ ਇਕ ਪਵਿੱਤਰ ਸਥਾਨ ਹੈ, ਜਿੱਥੇ ਦੁਨੀਆ ਭਰ ਤੋਂ ਸ਼ਰਧਾਲੂ ਨਾ ਸਿਰਫ਼ ਦਰਸ਼ਨਾਂ ਲਈ ਆਉਂਦੇ ਹਨ, ਸਗੋਂ ਅਧਿਆਤਮਿਕ ਸ਼ਾਂਤੀ, ਹਿੰਮਤ ਤੇ ਸੇਵਾ ਦੀ ਭਾਵਨਾ ਪ੍ਰਾਪਤ ਕਰਨ ਲਈ ਵੀ ਆਉਂਦੇ ਹਨ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਮਾਗਮ ਤੋਂ ਕੁਝ ਦਿਨ ਪਹਿਲਾਂ ਹੋਈ ਅੱਤਵਾਦੀ ਘਟਨਾ ਕਾਰਨ ਪੈਦਾ ਹੋਏ ਡਰ ਦੇ ਮਾਹÏਲ ਦੇ ਬਾਵਜੂਦ 6 ਲੱਖ ਤੋਂ ਵੱਧ ਸ਼ਰਧਾਲੂ ਬਿਨਾਂ ਕਿਸੇ ਰੁਕਾਵਟ ਦੇ ਧਾਰਮਿਕ ਸਮਾਗਮਾਂ ਵਿਚ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਮੁਸ਼ਕਲ ਸਮਿਆਂ 'ਚ ਵੀ ਗੁਰੂ ਦਾ ਪ੍ਰਕਾਸ਼ ਸਾਰਿਆਂ ਨੂੰ ਮਾਰਗਦਰਸ਼ਨ ਕਰਦਾ ਹੈ ਤੇ ਇਕਜੁੱਟ ਕਰਦਾ ਹੈ |