ਚੰਡੀਗੜ੍ਹ, 6 ਦਸੰਬਰ (ਏਜੰਸੀ)-ਪੰਜਾਬ ਅਤੇ ਹਰਿਆਣਾ ਤੇਜ਼ ਠੰਢ ਦੀ ਮਾਰ ਹੇਠ ਹਨ ਅਤੇ ਕਈ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਇਕ ਤੋਂ ਚਾਰ ਡਿਗਰੀ ਘੱਟ ਹੈ | ਪੰਜਾਬ ਦਾ ਫ਼ਰੀਦਕੋਟ ਸਭ ਤੋਂ ਠੰਢਾ ਸਥਾਨ ਰਿਹਾ, ਜਿਥੇ ਸਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਹੋਰ ਸਥਾਨਾਂ 'ਚ ਗੁਰਦਾਸਪੁਰ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ, ਅੰਮਿ੍ਤਸਰ 'ਚ 5.6, ਜਦੋਂ ਕਿ ਲੁਧਿਆਣਾ, ਪਟਿਆਲਾ, ਪਠਾਨਕੋਟ ਅਤੇ ਬਠਿੰਡਾ 'ਚ ਘੱਟੋ-ਘੱਟ ਤਾਪਮਾਨ 7, 9, 5.2 ਅਤੇ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਵੀ 7.9 ਡਿਗਰੀ ਸੈਲਸੀਅਸ, ਜੋ ਕਿ ਆਮ ਨਾਲੋਂ 2.7 ਡਿਗਰੀ ਘੱਟ ਸੀ, ਠੰਢ ਦਾ ਮੌਸਮ ਰਿਹਾ | ਹਰਿਆਣਾ 'ਚ ਨਾਰਨੌਲ ਸਭ ਤੋਂ ਠੰਢਾ ਸਥਾਨ ਰਿਹਾ ਜਿਥੇ ਘੱਟੋ-ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ ਰਿਹਾ | ਇਸ ਤੋਂ ਇਲਾਵਾ ਹਿਸਾਰ 'ਚ 4.7 ਡਿਗਰੀ ਸੈਲਸੀਅਸ, ਕਰਨਾਲ 'ਚ 7.5 ਅਤੇ ਭਿਵਾਨੀ, ਸਿਰਸਾ ਤੇ ਅੰਬਾਲਾ 'ਚ 6, 6.4 ਅਤੇ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |