ਕਿਹਾ, ਪੰਜਾਬ ਲਈ ਨਿਵੇਸ਼ ਦੇ ਰਸਤੇ ਖੋਲ੍ਹੋ-ਸੂਬੇ ਦੇ ਸਫ਼ੀਰ ਬਣੋ
ਚੰਡੀਗੜ੍ਹ, 7 ਦਸੰਬਰ (ਅਜੀਤ ਬਿਊਰੋ) ਜਪਾਨ ਦੌਰੇ ਨੂੰ ਸਫ਼ਲਤਾਪੂਰਵਕ ਸੰਪੂਰਨ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੱਖਣੀ ਕੋਰੀਆ ਪਹੁੰਚੇ, ਜਿਥੇ ਉਨ੍ਹਾਂ ਸੀਓਲ 'ਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਲਈ ਨਿਵੇਸ਼ ਦੇ ਨਵੇਂ ਰਸਤੇ ਖੋਲ੍ਹਣ ਦੀ ਅਪੀਲ ਕੀਤੀ | ਮਾਨ ਨੇ ਕਿਹਾ ਕਿ ਕੋਰੀਆਈ ਕੰਪਨੀਆਂ ਨੂੰ ਪੰਜਾਬ ਵੱਲ ਖਿੱਚਣ ਵਿਚ ਪ੍ਰਵਾਸੀ ਪੰਜਾਬੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਅ ਸਕਦੇ ਹਨ, ਕਿਉਂਕਿ ਅੱਜ ਦਾ ਪੰਜਾਬ ਦੁਨੀਆ ਦੇ ਤੁਰੰਤ ਉਭਰਦੇ ਨਿਵੇਸ਼ ਕੇਂਦਰਾਂ 'ਚ ਸ਼ੁਮਾਰ ਹੋ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਨਾਲ ਹੀ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਰੰਗਲਾ ਪੰਜਾਬ ਬਣੇਗਾ | ਮੁੱਖ ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਨੂੰ ਤਰਜੀਹੀ ਨਿਵੇਸ਼ ਸਥਾਨ ਵਜੋਂ ਪੇਸ਼ ਕਰਨ ਲਈ ਕੋਰੀਆਈ ਕੰਪਨੀਆਂ ਦਾ ਮਾਰਗ ਦਰਸ਼ਨ ਕਰਨ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਵੀ ਅਪੀਲ ਕੀਤੀ | ਭਗਵੰਤ ਮਾਨ ਨੇ ਸੂਬੇ 'ਚ ਰੁਜ਼ਗਾਰ, ਨਵੀਨਤਾ ਅਤੇ ਤਕਨਾਲੋਜੀ ਸਹਿਯੋਗ ਲਈ ਵਧੇਰੇ ਮੌਕੇ ਪੈਦਾ ਕਰਨ 'ਚ ਮਦਦ ਕਰਨ ਲਈ ਉਨ੍ਹਾਂ ਤੋਂ ਸਮਰਥਨ ਅਤੇ ਸਹਿਯੋਗ ਮੰਗਿਆ | ਪ੍ਰਵਾਸੀ ਭਾਈਚਾਰੇ ਨੇ ਵਫ਼ਦ ਦਾ ਨਿੱਘਾ ਸਵਾਗਤ ਕਰਦਿਆਂ ਪੰਜਾਬ ਦੀ ਆਲਮੀ ਪਹੁੰਚ ਅਤੇ ਤਿਉਹਾਰਾਂ, ਭਾਸ਼ਾ, ਪਕਵਾਨਾਂ ਤੇ ਰਹੁ-ਰੀਤਾਂ ਦੇ ਜਸ਼ਨਾਂ ਰਾਹੀਂ ਕੋਰੀਆਈ ਲੋਕਾਂ 'ਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ | ਪ੍ਰਵਾਸੀ ਭਾਈਚਾਰੇ ਨੇ ਆਸ ਪ੍ਰਗਟਾਈ ਕਿ ਇਹ ਦੌਰਾ ਪੰਜਾਬ-ਦੱਖਣੀ ਕੋਰੀਆ ਸੰਬੰਧਾਂ 'ਚ ਨਵੇਂ ਅਧਿਆਇ ਦਾ ਆਗਾਜ਼ ਕਰੇਗਾ, ਜਿਸ ਨਾਲ ਉਦਯੋਗ, ਤਕਨਾਲੋਜੀ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਵਿਚ ਸਥਾਈ ਭਾਈਵਾਲੀ ਅਤੇ ਉਸਾਰੂ ਨਤੀਜਿਆਂ ਲਈ ਰਾਹ ਪੱਧਰਾ ਹੋਵੇਗਾ | ਅਰਾਨ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਸੀ. ਆਕਾਸ਼ ਨੇ ਪੰਜਾਬ ਦੇ ਫੂਡ ਪ੍ਰੋਸੈਸਿੰਗ ਸੈਕਟਰ 'ਚ ਨਿਵੇਸ਼ਾਂ ਦੀ ਪੜਚੋਲ ਕਰਨ ਵਿਚ ਡੂੰਘੀ ਦਿਲਚਸਪੀ ਦਿਖਾਈ | ਉਘੇ ਵਿਦਵਾਨ ਡਾ. (ਪ੍ਰੋ.) ਲਖਵਿੰਦਰ ਸਿੰਘ ਨੇ ਵੀ ਮੁੱਖ ਮੰਤਰੀ ਵਲੋਂ ਵਿਸ਼ੇਸ਼ ਕਰਕੇ ਰੱਖਿਆ ਅਤੇ ਏਰੋਸਪੇਸ ਖੇਤਰਾਂ ਵਿਚ ਨਿਵੇਸ਼ ਆਕਰਸ਼ਿਤ ਕਰਨ ਲਈ ਦੱਖਣੀ ਕੋਰੀਆ 'ਚ ਨਿਵੇਸ਼ ਰੋਡ ਸ਼ੋਅ ਕਰਨ ਵਾਲੀ ਪਹਿਲਕਦਮੀ ਦਾ ਸਵਾਗਤ ਕੀਤਾ | ਕੋਰੀਆ 'ਚ ਪੰਜਾਬੀ ਐਸੋਸੀਏਸ਼ਨ ਦੀ ਚੇਅਰਪਰਸਨ ਮੀਨਾਕਸ਼ੀ ਪਵਾਰ ਨੇ ਦੱਸਿਆ ਕਿ ਲੰਬੇ ਸਮੇਂ ਬਾਅਦ ਪੰਜਾਬ ਸਰਕਾਰ ਦੇ ਕਿਸੇ ਉੱਚ ਪੱਧਰੀ ਵਫ਼ਦ ਵਲੋਂ ਦੱਖਣੀ ਕੋਰੀਆ ਦਾ ਦੌਰਾ ਕੀਤਾ ਗਿਆ ਹੈ |
ਮੁੱਖ ਮੰਤਰੀ ਵਲੋਂ ਦੱਖਣੀ ਕੋਰੀਆ 'ਚ ਪ੍ਰਵਾਸੀ ਪੰਜਾਬੀਆਂ ਨੂੰ ਸੱਦਾ <br/>
ਅਜੀਤ ਡੈਸਕ
08-12-2025