ਤਿਉਹਾਰੀ ਸੀਜ਼ਨ 'ਚ ਗੰਦਗੀ ਦੇ ਢੇਰਾਂ ਨਾਲ ਬਿਮਾਰੀਆਂ ਫ਼ੈਲਣ ਦਾ ਬਣਿਆ ਖਦਸ਼ਾ
ਅਜੀਤ ਡੈਸਕ
25-09-2025
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮਿਊਾਸੀਪਲ ਇੰਪਲਾਈਜ਼ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਨਿਗਮ ਹੁਸ਼ਿਆਰਪੁਰ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਅੱਜ ਅੱਠਵੇਂ ਦਿਨ ਵੀ ਜਾਰੀ ਰਹੀ, ਜਿਸ ਕਾਰਨ ਜਗ੍ਹਾ-ਜਗ੍ਹਾ ਫੈਲੀ ਗੰਦਗੀ ਕਾਰਨ ਸ਼ਹਿਰ ਕੂੜੇ ਦੇ ਢੇਰ 'ਚ ਬਦਲਿਆ ਨਜ਼ਰ ਆ ਰਿਹਾ ਹੈ ਅਤੇ ਗੰਦਗੀ ਦੇ ਚੱਲਦਿਆਂ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਦੂਸਰੇ ਪਾਸੇ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਸ਼ਹਿਰ 'ਚ ਹਰ ਪਾਸੇ ਗੰਦਗੀ ਦੇ ਢੇਰ ਲੱਗਣਾ ਲੋਕਾਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ | ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸਿਵਲ ਹਸਪਤਾਲ ਨਜ਼ਦੀਕ, ਸੁਤੈਹਰੀ ਰੋਡ, ਕਣਕ ਮੰਡੀ ਚੌਂਕ, ਰੇਲਵੇ ਰੋਡ, ਡੀ.ਏ.ਵੀ. ਕਾਲਜ ਨਜ਼ਦੀਕ, ਡਾ: ਬੀ.ਆਰ. ਅੰਬੇਡਕਰ ਚੌਂਕ ਅਤੇ ਹੋਰਨਾਂ ਪ੍ਰਮੁੱਖ ਸਥਾਨਾਂ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਸ਼ਹਿਰ 'ਚ ਬਿਮਾਰੀਆਂ ਦੇ ਫੈਲਣ ਦਾ ਵੀ ਖ਼ਤਰਾ ਬਣ ਗਿਆ ਹੈ | ਇੱਥੇ ਜ਼ਿਕਰਯੋਗ ਹੈ ਕਿ ਕਈ ਕੌਂਸਲਰ ਵੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੀ ਹਮਾਇਤ 'ਚ ਨਿੱਤਰ ਆਏ ਹਨ | ਸਥਾਨਕ ਸਰਕਾਰਾਂ ਮੰਤਰੀ ਡਾ: ਰਵਜੋਤ ਸਿੰਘ ਦਾ ਸ਼ਹਿਰ ਹੋਣ ਦੇ ਬਾਵਜੂਦ ਵੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੂੰ ਖ਼ਤਮ ਕਰਵਾਉਣ ਲਈ ਉਨ੍ਹਾਂ ਵਲੋਂ ਵੀ ਕੋਈ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ | ਵਾਰਡ ਨੰ: 8 ਦੇ ਕੌਂਸਲਰ ਮੁਖੀ ਰਾਮ ਨੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ 'ਚ ਫੈਲੀ ਗੰਦਗੀ ਸਬੰਧੀ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਹਨੂਮਾਨ ਜੀ ਦੇ ਸਵਰੂਪ ਜਦੋਂ ਸ਼ਹਿਰ ਦੀਆਂ ਸੜਕਾਂ ਤੋਂ ਲੰਘਣਗੇ ਤਾਂ ਫ਼ੈਲੀ ਗੰਦਗੀ ਕਾਰਨ ਸ਼ਰਧਾਲੂਆਂ ਦੀ ਧਾਰਮਿਕ ਆਸਥਾ ਨੂੰ ਭਾਰੀ ਠੇਸ ਪਹੁੰਚੇਗੀ | ਇਸ ਤੋਂ ਇਲਾਵਾ ਦੁਸਹਿਰੇ ਦੇ ਤਿਉਹਾਰ ਦੌਰਾਨ ਸ੍ਰੀ ਰਾਮ ਜੀ ਦੀ ਪਾਵਨ ਝਾਕੀਆਂ ਜਦੋਂ ਸ਼ਹਿਰ 'ਚੋਂ ਲੰਘਣਗੀਆਂ ਤਾਂ ਉਨ੍ਹਾਂ ਦਾ ਵੀ ਨਿਰਾਦਰ ਹੋਵੇਗਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਹਾਲ ਕਰਵਾਇਆ ਜਾਵੇ | ਇਸ ਸਬੰਧੀ ਵਾਰਡ ਨੰ: 5 ਤੋਂ ਕੌਂਸਲਰ ਮੀਨਾ ਸ਼ਰਮਾ ਤੇ ਵਰੁਣ ਸ਼ਰਮਾ ਆਸ਼ੂ ਨੇ ਕਿਹਾ ਕਿ ਸਫ਼ਾਈ ਸੇਵਕ ਇਕ ਮਹੱਤਵਪੂਰਨ ਸੇਵਾ ਪ੍ਰਦਾਨ ਕਰਦੇ ਹਨ, ਜੋ ਸਾਡੇ ਜੀਵਨ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ 'ਚ ਗੰਦਗੀ ਫੈਲੀ ਹੋਈ ਹੈ ਅਤੇ ਲੋਕ ਸੰਤਾਪ ਭੋਗ ਰਹੇ ਹਨ | ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦਾ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਅਤੇ ਲੋਕਾਂ ਨੂੰ ਵਧੀਆ ਵਾਤਾਵਰਨ ਦੇਣ 'ਚ ਅਹਿਮ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਫ਼ਾਈ ਸੇਵਕਾਂ ਦੀਆਂ ਮੰਗਾਂ ਤਨਖ਼ਾਹ 'ਚ ਵਾਧਾ, ਮੁਲਾਜ਼ਮਾਂ ਨੂੰ ਪੱਕਾ ਕਰਨਾ, ਠੇਕੇਦਾਰੀ ਸਿਸਟਮ ਬੰਦ ਕਰਨ ਆਦਿ ਨੂੰ ਤੁਰੰਤ ਮੰਨ ਕੇ ਹੜਤਾਲ ਨੂੰ ਖ਼ਤਮ ਕਰਵਾਉਣਾ ਚਾਹੀਦਾ ਹੈ, ਤਾਂ ਜੋ ਤਿਉਹਾਰਾਂ ਦੇ ਦਿਨਾਂ ਦੌਰਾਨ ਸ਼ਹਿਰ 'ਚ ਫੈਲੀ ਗੰਦਗੀ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ |