ਹਾਜੀਪੁਰ, 18 ਅਕਤੂਬਰ (ਜੋਗਿੰਦਰ ਸਿੰਘ)-ਬਾਬਾ ਸ੍ਰੀਚੰਦ ਐਜੂਕੇਸ਼ਨਲ ਐਂਡ ਵੈੱਲਫੇਅਰ ਟਰੱਸਟ ਮੁਕੇਰੀਆਂ ਦੁਆਰਾ ਚਲਾਏ ਜਾ ਰਹੇ ਪਿੰਡ ਪਨਖੂਹ 'ਚ ਸਥਿਤ ਕੋਹਿਨੂਰ ਇੰਟਰਨੈਸ਼ਨਲ ਸਕੂਲ ਸੀ. ਬੀ. ਐੱਸ. ਈ. ਦੇ ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਮਨਾਇਆ | ਦੀਵਾਲੀ ਮੇਲੇ ਦਾ ਉਦਘਾਟਨ ਸਕੂਲ ਦੇ ਟਰੱਸਟੀ ਮੈਂਬਰਾਂ ਦੁਆਰਾ ਕੀਤਾ | ਮੇਲੇ 'ਚ ਵਿਦਿਆਰਥੀਆਂ ਨੇ ਵੱਖ-ਵੱਖ ਸਟਾਲ ਲਗਾਏ, ਜਿਸ 'ਚ ਵਿਗਿਆਨ, ਗਣਿਤ ਅਤੇ ਸਮਾਜਿਕ ਵਿਗਿਆਨ ਵਰਗੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮਾਡਲ ਪ੍ਰਦਰਸ਼ਿਤ ਕੀਤੇ ਗਏ | ਵਿਦਿਆਰਥੀਆਂ ਦੇ ਕਲਾਤਮਕ ਹੁਨਰ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਤਿਆਰ ਕੀਤੇ ਤੇ ਕਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ | ਮੇਲੇ ਵਿਚ ਬੋਟੈਨੀਕਲ ਗਾਰਡਨ, ਭੇਲਪੁਰੀ ਤੇ ਗੋਲ-ਗੱਪਿਆਂ ਲਈ ਸਟਾਲ ਵੀ ਲਗਾਏ ਗਏ | ਪਿ੍ੰਸੀਪਲ ਲੋਕੇਸ਼ ਵਿਮਲ ਸ਼ੁਕਲਾ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਤਿਉਹਾਰਾਂ, ਸਭਿਆਚਾਰ ਤੇ ਸਭਿਅਤਾ ਨੂੰ ਸਿੱਖਣ ਤੇ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ | ਇਸ ਮੌਕੇ ਇਕ ਲਾਟਰੀ ਸਟਾਲ ਵੀ ਲਗਾਇਆ, ਜਿਸ 'ਚ ਲਾਟਰੀ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ, ਐਮ. ਡੀ. ਸੰਜੀਵ ਚਿੱਬ, ਕਾਂਤਾ ਚਿੱਬ, ਅਮਰਜੀਤ ਸਿੰਘ ਕਾਨੂੰਗੋ, ਡਾ. ਵਿਨੋਦ ਮਹਾਜਨ, ਬਲਬੀਰ ਸਿੰਘ, ਨਿਰਮਲਾ ਦੇਵੀ, ਨਿਰਵਿਕਾਰ ਸਿੰਘ ਰਾਮਗੜ੍ਹੀਆ, ਨਿਰਲੋਭ ਸਿੰਘ ਰਾਮਗੜ੍ਹੀਆ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਦੇ ਮਾਪੇ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ |