ਹੁਸ਼ਿਆਰਪੁਰ, 28 ਦਸੰਬਰ (ਨਰਿੰਦਰ ਸਿੰਘ ਬੱਡਲਾ)-ਥਾਣਾ ਮੇਹਟੀਆਣਾ ਪੁਲਿਸ ਨੇ 77 ਗ੍ਰਾਮ ਹੈਰੋਇਨ ਤੇ ਨਸ਼ਾ ਕਰਦੇ 1 ਨਸ਼ੇੜੀ ਸਮੇਤ 3 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਰਜਿੰਦਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਕੌਸ਼ਲ ਚੰਦਰ ਇੰਚਾਰਜ ਚੌਂਕੀ ਅਜਨੋਹਾ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਪਿੰਡ ਅਜਨੋਹਾ ਤੋਂ ਟੋਡਰਪੁਰ, ਮਖਸੂਸਪੁਰ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਵਾਧਾਂ ਰੋਡ 'ਤੇ ਪਹੁੰਚੀ ਤਾਂ ਸਾਹਮਣੇ ਤੋਂ 1 ਕਾਰ ਨੰਬਰ ਪੀ.ਬੀ.48.ਐਫ. 7465 ਆ ਰਹੀ ਸੀ ਜਿਸ 'ਤੇ ਏ.ਐੱਸ.ਆਈ. ਕੌਸ਼ਲ ਚੰਦਰ ਨੇ ਉਕਤ ਨੰਬਰੀ ਕਾਰ ਨੂੰ ਰੋਕ ਕੇ ਜਦੋਂ ਕਾਰ ਸਵਾਰਾਂ ਦੀ ਤਲਾਸ਼ੀ ਦੌਰਾਨ ਨਾਂ ਪੁੱਛਣ 'ਤੇ ਕਾਰ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਭੁਪਿੰਦਰ ਸਿੰਘ ਉਰਫ਼ ਪਿੰਦੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਵਾਧਾਂ ਜ਼ਿਲ੍ਹਾ ਕਪੂਰਥਲਾ ਅਤੇ ਨਾਲ ਬੈਠੇ ਨੌਜਵਾਨ ਨੇ ਆਪਣਾ ਨਾਮ ਕੁਲਵੀਰ ਸਿੰਘ ਉਰਫ਼ ਕੇਬੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਵਾਧਾਂ (ਕਪੂਰਥਲਾ) ਦੱਸਿਆ | ਜਦੋਂ ਉਕਤ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ 77 ਗ੍ਰਾਮ ਹੈਰੋਇਨ, ਬਿੱਟਾਂ ਬਣਾਉਣ ਲਈ ਕੱਟੇ 48 ਟੁਕੜੇ ਅਤੇ 1 ਸਿਲਵਰ ਪੇਪਰ ਬਰਾਮਦ ਹੋਇਆ | ਇਸੇ ਤਰ੍ਹਾਂ ਏ.ਐੱਸ.ਆਈ. ਉਂਕਾਰ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਪਿੰਡ ਫੁਗਲਾਣਾ ਤੋਂ ਅਹਿਰਾਣਾ ਕਲਾਂ ਨੂੰ ਜਾਂਦੇ ਸਮੇਂ ਇਕ ਮੋਨੇ ਨੌਜਵਾਨ ਨੂੰ ਨਸ਼ਾ ਕਰਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ | ਜਿਸ ਦੀ ਪਹਿਚਾਣ ਬਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਸਾਹਰੀ ਵਜੋਂ ਹੋਈ | ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਮੇਹਟੀਆਣਾ 'ਚ ਐਨ.ਡੀ.ਪੀ.ਐਸ. ਐਕਟ 21-61-85 ਤਹਿਤ ਮਾਮਲਾ ਦਰਜ਼ ਕਰ ਲਿਆ ਹੈ |