ਰਾਏਕੋਟ, 5 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪ੍ਰਭ ਆਸਰਾ ਨਿਆਸਰਿਆਂ ਦੇ ਘਰ ਫੇਰੂਰਾਈ ਵਿਖੇ ਵੱਡੀ ਗਿਣਤੀ 'ਚ ਲਾਵਾਰਿਸ ਤੇ ਲੋੜਵੰਦਾਂ ਦਾ ਰੈਣ-ਬਸੇਰਾ ਬੜੇ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ, ਜਿਥੇ ਲੋੜਵੰਦਾਂ ਨੂੰ ਨਿਸ਼ਕਾਮ ਰੂਪ 'ਚ ਆਸਰਾ ਦਿੱਤਾ ਜਾਂਦਾ ਹੈ, ਉਥੇ ਹੀ ਉਕਤ ਲੋੜਵੰਦਾਂ ਨੂੰ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਜ਼ਰੂਰੀ ਵਸਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਜਿਸ ਤਹਿਤ ਬਾਬਾ ਗੁਰਬਖਸ਼ ਸਿੰਘ ਨਕੋਦਰ ਤੇ ਗੁਰਤੇਜ ਸਿੰਘ ਤੇਜ਼ੀ ਵਲੋਂ ਪ੍ਰਭ ਆਸਰਾ ਨਿਆਸਰਿਆਂ ਦੇ ਘਰ ਫੇਰੂਰਾਈ ਵਿਖੇ ਸ਼ਮੂਲੀਅਤ ਕਰਕੇ ਲੋੜੀਂਦੀਆਂ ਵਸਤੂਆਂ ਦਾਨ ਵਜੋਂ ਦਿੱਤੀਆਂ ਗਈਆਂ | ਇਸ ਮੌਕੇ ਗੁਰਤੇਜ ਸਿੰਘ ਤੇਜੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਭ ਆਸਰਾ ਫੇਰੂਰਾਈ ਵਿਖੇ ਪੁੱਜ ਕੇ ਬਜ਼ੁਰਗਾਂ ਤੇ ਮੰਦਬੁੱਧੀ ਬੱਚਿਆਂ ਨਾਲ ਗੱਲਬਾਤ ਕਰਕੇ ਸਕੂਨ ਮਿਲਿਆ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਅੱਗੇ ਤੋਂ ਵੀ ਇਸ ਸੰਸਥਾ ਲਈ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਇਸ ਸਮੇਂ ਪ੍ਰਭ ਆਸਰਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਵਲੋਂ ਅਨੇਕਾਂ ਸਮਾਜ ਭਲਾਈ ਦੇ ਕੰਮਾਂ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਹੜ੍ਹ ਪੀੜ੍ਹਤਾਂ ਦੀ ਮਦਦ ਲੲ ਲਈ ਵੀ ਪ੍ਰਭ ਆਸਰਾ ਸੰਸਥਾ ਵੱਧ-ਚੜ੍ਹ ਕੇ ਹਿੱਸਾ ਪਾ ਰਹੀ ਹੈ | ਪ੍ਰਭ ਆਸਰਾ ਫੇਰੂਰਾਈ ਦੇ ਪ੍ਰਬੰਧਕਾਂ ਨੇ ਬਾਬਾ ਗੁਰਬਖਸ਼ ਸਿੰਘ ਨਕੋਦਰ ਦਾ ਕੀਤੀ ਗਈ ਸੇਵਾ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਹਰਪ੍ਰਤਾਪ ਸਿੰਘ, ਸਾਬਕਾ ਸਰਪੰਚ ਬਹਾਲ ਸਿੰਘ, ਸੂਬੇਦਾਰ ਜਗਸੀਰ ਸਿੰਘ ਹਾਜ਼ਰ ਸਨ |