ਹੰਬੜਾਂ, 5 ਸਤੰਬਰ (ਹਰਵਿੰਦਰ ਸਿੰਘ ਮੱਕੜ)-ਪੰਜਾਬ 'ਚ ਪੈ ਰਹੀਆਂ ਲਗਾਤਾਰ ਬਾਰਿਸ਼ਾਂ, ਡੈਮਾਂ 'ਚੋਂ ਦਰਿਆਵਾਂ ਵਿਚ ਛੱਡੇ ਵਾਧੂ ਪਾਣੀ ਕਾਰਨ ਪੰਜਾਬ ਦਾ ਵੱਡਾ ਹਿੱਸਾ ਜਿਥੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉਥੇ ਹੀ ਹੰਬੜਾਂ ਨਜ਼ਦੀਕ ਪਿੰਡ ਸਲੇਮਪੁਰ ਵਿਖੇ ਲਗਾਤਾਰ ਬਾਰਿਸ਼ ਦੇ ਚੱਲਦਿਆਂ ਰਾਤ ਸਮੇਂ ਗਰੀਬ ਮਜ਼ਦੂਰ ਪਰਿਵਾਰ ਦੀ ਬਾਲਿਆਂ ਵਾਲੀ ਛੱਤ ਡਿੱਗ ਗਈ | ਇਸ ਛੱਤ ਦੇ ਡਿੱਗਣ 'ਤੇ ਘਰ 'ਚ ਪਏ ਸਾਮਾਨ ਦਾ ਮਾਲੀ ਨੁਕਸਾਨ ਤਾਂ ਹੋ ਗਿਆ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੀ ਰਿਹਾ | ਇਸ ਸੰਬੰਧੀ ਬਲਵੀਰ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਸਲੇਮਪੁਰ ਨੇ ਦੱਸਿਆ ਕਿ ਸਾਡੇ ਘਰ 'ਚ ਦੋ ਹੀ ਕਮਰੇ ਹਨ ਤੇ ਇਕ ਕਮਰੇ ਦੀ ਛੱਤ ਡਿੱਗ ਚੁੱਕੀ ਹੈ ਤੇ ਖਤਰਾ ਦੂਜੀ ਛੱਤ ਉੱਪਰ ਵੀ ਮੰਡਰਾ ਰਿਹਾ ਹੈ | ਅਸੀਂ ਪਹਿਲਾਂ ਹੀ ਮਜ਼ਦੂਰੀ ਕਰਕੇ ਹੀ ਆਪਣਾ ਜੀਵਨ ਬਸਰ ਕਰ ਰਹੇ ਹਾਂ ਤੇ ਉਤੋਂ ਲਗਾਤਾਰ ਬਾਰਿਸ਼ਾਂ ਕਾਰਨ ਸਾਡਾ ਮਜ਼ਦੂਰੀ ਦਾ ਕੰਮ ਵੀ ਬੰਦ ਪਿਆ ਹੈ | ਇਸ ਮੌਕੇ ਉਕਤ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੇ ਪਰਿਵਾਰ ਦੀ ਵੀ ਸਾਰ ਲਈ ਜਾਵੇ ਤੇ ਸਾਨੂੰ ਸਹਾਇਤਾ ਵਜੋਂ ਉਚਿਤ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਸਮਾਂ ਰਹਿੰਦਿਆਂ ਸਾਡੇ ਜਾਨ-ਮਾਲ ਦੀ ਹਿਫਾਜ਼ਤ ਹੋ ਸਕੇ |