ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਪਿ੍ੰਸੀਪਲ ਮੈਡਮ ਡਾ. ਰਜਨੀ ਬਾਲਾ ਦੀ ਯੋਗ ਅਗਵਾਈ ਹੇਠ ਐੱਨ.ਐੱਸ.ਐੱਸ ਯੂਨਿਟ ਵਲੋਂ 7 ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਸ਼ੁਰੂਆਤ ਕੀਤੀ ਗਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ੍ਰੀ ਪੁਰਸ਼ੋਤਮ ਗੁਪਤਾ ਵਲੋਂ ਸ਼ਿਰਕਤ ਕੀਤੀ ਗਈ, ਜਿਨ੍ਹਾਂ ਦਾ ਪਿ੍ੰਸੀਪਲ ਡਾ. ਰਜਨੀ ਬਾਲਾ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਮੇਸ਼ ਕੌੜਾ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਅਤੇ ਇਕ ਮਿੰਟ ਲਈ ਮੌਨ ਧਾਰ ਕੇ ਸ੍ਰੀ ਰਮੇਸ਼ ਕੌੜਾ ਨੂੰ ਯਾਦ ਕੀਤਾ ਗਿਆ | ਐੱਨ.ਐੱਸ.ਐੱਸ ਕੈਂਪ ਦੀ ਸ਼ੁਰੂਆਤ ਐੱਨ.ਐੱਸ.ਐੱਸ ਕੈਂਪ ਦੀ ਪ੍ਰਧਾਨ ਹਰਸ਼ਦੀਪ ਕੌਰ ਅਤੇ ਸੈਕਟਰੀ ਵਰਜੀਤ ਕੌਰ ਨੂੰ ਸ਼ੈਸ਼ੇ ਪਵਾ ਕੇ ਕੀਤੀ ਗਈ | ਉਪਰੰਤ ਪ੍ਰਧਾਨ ਤੇ ਸੈਕਟਰੀ ਵਲੋਂ ਪਿ੍ੰਸੀਪਲ ਡਾ. ਰਜਨੀ ਬਾਲਾ ਤੋਂ ਕੈਂਪ ਦੀ ਸ਼ੁਰੂਆਤ ਲਈ ਆਗਿਆ ਲਈ ਗਈ | ਇਸ ਮੌਕੇ ਗੁਰਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਵਿਭਾਗ (ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ) ਨੇ ਸਾਈਬਰ ਕਰਾਈਮ ਉੱਤੇ ਲੈਕਚਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਟੈਕਨੋਲੋਜੀ ਦੁਆਰਾ ਹੋਣ ਵਾਲੇ ਅਪਰਾਧਾਂ ਬਾਰੇ ਜਾਣੂੰ ਕਰ ਕਰਵਾਇਆ | ਉਨ੍ਹਾਂ ਦੱਸਿਆ ਕਿ ਕਿਵੇਂ ਮੋਬਾਇਲ ਫੋਨਾਂ ਵਿਚ ਅਸੀਂ ਕੈਦ ਹੋ ਕੇ ਰਹਿ ਚੁੱਕੇ ਹਾਂ, ਜਿਸ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਇਨ੍ਹਾਂ ਅਪਰਾਧਾਂ ਤੋਂ ਬਚਣ ਲਈ ਨੁਕਤੇ ਵੀ ਸਾਂਝੇ ਕੀਤੇ ਗਏ | ਪ੍ਰੋਗਰਾਮ ਦੇ ਅੰਤ ਵਿਚ ਮੈਡਮ ਗੁਰਪ੍ਰੀਤ ਕੌਰ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਐੱਨ.ਐੱਸ.ਐੱਸ ਯੂਨਿਟ ਦੇ ਇਸ ਉਪਰਾਲੇ ਲਈ ਮੈਨਜਮੈਂਟ ਕਮੇਟੀ ਦੇ ਸਕੱਤਰ ਸ੍ਰੀ ਰਾਜਿੰਦਰ ਕੌੜਾ ਨੇ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਮੈਡਮ ਸਤਵੀਰ ਕੌਰ ਅਤੇ ਅਸਿਸਟੈਂਟ ਮੈਡਮ ਜਸਮੀਤ ਕੌਰ ਨੂੰ ਵਧਾਈ ਦਿੱਤੀ |