ਰਾਏਕੋਟ, 31 ਅਕਤੂਬਰ (ਸੁਸ਼ੀਲ)-ਲੋਹਪੁਰਸ਼ ਸਰਦਾਰ ਵੱਲਭਭਾਈ ਪਟੇਲ ਨੂੰ ਯਾਦ ਕਰਦਿਆਂ ਅੱਜ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਨ ਨੂੰ ਤਹਿਸੀਲ ਪੱਧਰ 'ਤੇ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਸਥਾਨਕ ਸ਼ਹਿਰ ਵਿਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਲੋਂ ਸਕੂਲ ਵਿਦਿਆਰਥੀਆਂ ਦੇ ਸਹਿਯੋਗ ਨਾਲ ਡੀ.ਐੱਸ.ਪੀ. ਹਰਜਿੰਦਰ ਸਿੰਘ ਦੀ ਅਗਵਾਈ ਹੇਠ 'ਰਨ ਫਾਰ ਯੂਨਿਟੀ' ਦੌੜ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਦੇ ਵਿਚ ਭਾਗ ਲੈਂਦੇ ਹੋਏ ਰਾਸ਼ਟਰੀ ਏਕਤਾ ਸਬੰਧੀ ਸ਼ਹਿਰ ਦੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਤੋਂ ਦੌੜ ਸ਼ੁਰੂ ਕਰਕੇ ਸ਼ਹਿਰ ਦੇ ਗਲੀਆਂ, ਮੁਹੱਲਿਆਂ ਵਿਚ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੱਤਾ | ਇਸ ਮੌਕੇ ਪੁਲਿਸ ਮੁਲਾਜ਼ਮਾਂ, ਸਕੂਲੀ ਵਿਦਿਆਰਥੀਆਂ ਤੇ ਸ਼ਹਿਰ ਵਾਸੀਆਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਲਈ ਸਹੁੰ ਵੀ ਚੁਕਾਈ ਗਈ | ਇਸ ਦੌਰਾਨ ਡੀ.ਐੱਸ.ਪੀ. ਹਰਜਿੰਦਰ ਸਿੰਘ ਤੇ ਡਾਕਟਰ ਚਮਕੌਰ ਸਿੰਘ ਗਿੱਲ ਨੇ ਸਰਦਾਰ ਵੱਲਭਭਾਈ ਪਟੇਲ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਵਲੋਂ ਦੇਸ਼ ਦੀ ਆਜ਼ਾਦੀ ਵਿਚ ਪਾਏ ਗਏ ਯੋਗਦਾਨ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਸਰਦਾਰ ਪਟੇਲ ਜੀ ਦੇ ਯਤਨਾਂ ਸਦਕਾ ਹੀ 500 ਤੋਂ ਵੱਧ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਿਲ ਕਰਕੇ ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਬੰਨਿਆਂ ਜਿਸ ਕਾਰਨ ਉਨ੍ਹਾਂ ਨੂੰ ਭਾਰਤ ਦਾ ਲੋਹ ਪੁਰਸ਼ ਕਿਹਾ ਜਾਂਦਾ ਹੈ | ਇਸ ਮੌਕੇ ਐੱਸ.ਐੱਚ.ਓ. ਸਿਟੀ ਅਮਰਜੀਤ ਸਿੰਘ, ਐੱਸ.ਐੱਚ.ਓ. ਸਦਰ ਕੁਲਵਿੰਦਰ ਸਿੰਘ, ਬੀ.ਪੀ.ਈ.ਓ. ਇਤਬਾਰ ਸਿੰਘ ਨੱਥੋਵਾਲ, ਰਾਜਮਿੰਦਰਪਾਲ ਸਿੰਘ ਪਰਮਾਰ, ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਵੀ ਹਾਜ਼ਰ ਸਨ |