19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਦੋ ਸੌ ਸਾਲਾਂ ਦਾ ਸਿੱਖ ਇਤਿਹਾਸ ਪੈ ਰਿਹਾ ਫਿੱਕਾ-ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋ ਰਹੀ ਹੈ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ 'ਬੱਸੀਆਂ ਕੋਠੀ'

Ad Position 21
No active advertisement
ਅਜੀਤ ਡੈਸਕ 04-11-2025
ਰਾਏਕੋਟ, 3 ਨਵੰਬਰ (ਸੁਸ਼ੀਲ)-ਰਾਏਕੋਟ ਤੋਂ ਜਗਰਾਉਂ ਰੋਡ 'ਤੇ ਪੈਂਦੇ ਪਿੰਡ ਬੱਸੀਆਂ ਨੇੜੇ ਸਥਿਤ ਇਤਿਹਾਸਕ ਬੱਸੀਆਂ ਕੋਠੀ ਜਿਸ ਨੂੰ ਸੰਨ 2015 ਵਿਚ ਤੱਤਕਾਲੀ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਯਤਨਾਂ ਸਦਕਾ ਸਹੇਜ ਕੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਵਜੋਂ ਵਿਕਸਿਤ ਕੀਤਾ ਗਿਆ ਸੀ, ਹੁਣ ਸਰਕਾਰੀ ਅਣਦੇਖੀ ਕਾਰਨ ਆਪਣੀ ਇਤਿਹਾਸਕ ਦਿੱਖ ਲਗਾਤਾਰ ਗੁਆ ਰਹੀ ਹੈ |
ਬੱਸੀਆਂ ਕੋਠੀ ਦਾ ਇਤਿਹਾਸ..
ਸੰਨ 1800 ਦੇ ਨੇੜੇ-ਤੇੜੇ ਹੋਂਦ 'ਚ ਆਈ 'ਬੱਸੀਆਂ ਕੋਠੀ' ਆਪਣੇ 'ਚ ਅਨੇਕਾਂ ਇਤਿਹਾਸਕ ਘਟਨਾਵਾਂ ਸਮੋਈ ਬੈਠੀ ਹੈ | ਫੇਰੂ ਸ਼ਾਹ ਤੇ ਮੁੱਦਕੀ ਦੀ ਜੰਗ ਮੌਕੇ ਇਹ ਕੋਠੀ ਲਾਰਡ ਹਾਰਡਿੰਗ ਦਾ ਹੈੱਡ ਕੁਆਟਰ ਸੀ | ਫਿਰੋਜ਼ਪੁਰ ਸਥਿਤ ਬਿ੍ਟਿਸ਼ ਮਿਲਟਰੀ ਡਿਵੀਜ਼ਨ ਦਾ ਇਹ ਅਸਲਾ ਸਪਲਾਈ ਡਿੱਪੂ ਵੀ ਰਿਹਾ | ਰਾਏਕੋਟ ਦੇ ਬੁੱਚੜਾਂ ਨੂੰ ਸੋਧਨ ਵਾਲੇ ਕੂਕਿਆਂ ਨੂੰ ਫਾਂਸੀ ਦੀ ਸਜ਼ਾ ਇਸੇ ਕੋਠੀ 'ਚ ਸੈਸ਼ਨ ਕੋਰਟ ਲਗਾ ਕੇ ਦਿੱਤੀ ਗਈ ਸੀ | ਜਦੋਂ ਅੰਗਰੇਜ਼ 11 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੇ ਸਨ ਤਾਂ ਪੰਜਾਬ ਦੇ ਇਸ ਆਖਰੀ ਮਹਾਰਾਜਾ ਨੇ 31 ਦਸੰਬਰ 1849 ਨੂੰ ਪੰਜਾਬ 'ਚ ਆਖਰੀ ਰਾਤ ਇਸੇ ਕੋਠੀ 'ਚ ਕੱਟੀ ਸੀ | ਰਾਜ 'ਚ ਇਕ ਦਹਾਕੇ ਤੋਂ ਵੱਧ ਚੱਲੀ ਅਸ਼ਾਂਤੀ ਦੌਰਾਨ ਇਸ ਇਮਾਰਤ ਨੂੰ ਪੰਜਾਬ ਪੁਲਿਸ ਨੇ 'ਤਸੀਹੇ ਕੇਂਦਰ ਵਜੋਂ ਵੀ ਵਰਤਿਆ | ਬਾਅਦ 'ਚ ਸਰਕਾਰ ਨੇ ਇਸ ਕੋਠੀ ਨੂੰ ਨਹਿਰੀ ਰੈਸਟ ਹਾਊਸ ਬਣਾ ਕੇ ਨਹਿਰੀ ਵਿਭਾਗ ਨੂੰ ਸੌਂਪ ਦਿੱਤਾ | ਇਲਾਕਾ ਨਿਵਾਸੀਆਂ ਦੀ ਮੰਗ 'ਤੇ ਬੱਸੀਆਂ ਕੋਠੀ ਨੂੰ 2015 'ਚ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਮਹਾਰਾਜਾ ਦਲੀਪ ਸਿੰਘ ਯਾਦਗਾਰ 'ਚ ਤਬਦੀਲ ਕੀਤਾ ਗਿਆ ਸੀ | ਪ੍ਰੰਤੂ 2015 ਤੋਂ ਬਾਅਦ ਇਸ ਨੂੰ ਕਿਸੇ ਨੇ ਦੁਬਾਰਾ ਰੰਗ-ਰੋਗਨ ਤੱਕ ਨਹੀਂ ਕਰਵਾਇਆ | ਮਿਊਜ਼ੀਅਮ ਦੇ ਲੱਗੇ ਕਈ ਦਰਵਾਜਿਆਂ ਨੂੰ ਸਿਉਂਕ ਲੱਗ ਚੁੱਕੀ ਹੈ ਅਤੇ ਕਈ ਦਰਵਾਜੇ ਖਰਾਬ ਹੋ ਚੁੱਕੇ ਹਨ | ਮਿਊਜ਼ੀਅਮ ਦੇ ਹਾਲ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ | ਕਈ ਥਾਵਾਂ 'ਤੇ ਪੇਂਟ ਤੇ ਪਲਾਸਟਰ ਟੁੱਟ ਰਿਹਾ ਹੈ | ਯਾਦਗਾਰ ਬਣੀ ਇਸ ਇਮਾਰਤ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਣ, ਇਕ ਵੱਡੀ ਤਲਵਾਰ, ਇਕ ਸ਼ਾਹੀ ਕੁਰਸੀ, ਇਕ ਪਹਿਰਾਵਾ ਤੇ ਉਸਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਦੀਆਂ ਪ੍ਰਤੀਕਿ੍ਤੀਆਂ ਰੱਖੀਆਂ ਗਈਆਂ ਹਨ | ਪ੍ਰੰਤੂ ਸਰਕਾਰ ਦੀ ਅਣਗਹਿਲੀ ਇਹ ਪ੍ਰਤੀ ਕਿ੍ਤੀਆਂ ਖਰਾਬ ਹੋ ਰਹੀਆਂ ਹਨ, ਤਸਵੀਰਾਂ ਫਿਕੀਆਂ ਪੈ ਗਈਆਂ ਹਨ |
ਜਿਕਰਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਕੋਠੀ 'ਚ ਹੋਏ ਇਕ ਸਮਾਗਮ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਸ ਦੀ ਦਿੱਖ ਸਵਾਰਨ ਲਈ 20 ਲੱਖ ਰੁਪਏ ਦੇਣ ਐਲਾਨ ਕੀਤਾ ਗਿਆ ਸੀ, ਇਸ ਤੋਂ ਇਲਾਵਾ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਤਤਕਾਲੀ ਮੰਤਰੀ ਅਨਮੋਲ ਗਗਨ ਮਾਨ ਵਲੋਂ ਵੀ ਯਾਦਗਾਰ ਲਈ 5 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ | ਇਸ ਗ੍ਰਾਂਟ ਸਬੰਧੀ ਜਦੋਂ ਪਿੰਡ ਬੱਸੀਆਂ ਦੇ ਸਰਪੰਚ ਸੁਖਵਿੰਦਰ ਸਿੰਘ ਕਲੇਰ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਪੰਚਾਇਤ ਨੂੰ ਸਰਕਾਰ ਵਲੋਂ 5 ਲੱਖ ਦੀ ਗ੍ਰਾਂਟ ਮਿਲ ਚੁੱਕੀ ਹੈ ਅਤੇ ਛੇਤੀ ਹੀ ਇਸ ਇਤਹਿਾਸਕ ਯਾਦਗਾਰ ਨੂੰ ਜਾਂਦੀ ਸੜਕ ਤੇ ਸ਼ਾਨਦਾਰ ਗੇਟ ਬਣਾਇਆ ਜਾਵੇਗਾ |
20 ਲੱਖ ਦੀ ਗ੍ਰਾਂਟ ਨਾਲ ਲਾਇਟਾਂ ਅਤੇ ਹੋਰ ਕੰਮਾਂ ਦੇ ਖਰਚੀ ਜਾ ਚੁੱਕੀ ਹੈ-ਜੇ.ਈ.
ਸਾਬਕਾ ਰਾਜ ਸਭਾ ਮੈਂਬਰ ਅਤੇ ਮੌਜ਼ੂਦਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਸੰਸਦ ਮੈਂਬਰ ਹੁੰਦੇ ਹੋਏ ਭੇਜੀ ਗਈ 20 ਲੱਖ ਦੀ ਗ੍ਰਾਂਟ ਦੀ ਵਰਤੋਂ ਸਬੰਧੀ ਜੇ.ਈ. ਜਗਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 20 ਲੱਖ ਦੀ ਗ੍ਰਾਂਟ ਨਾਲ ਯਾਦਗਾਰ ਵਿਚ ਫੈਂਸੀ ਲਾਈਟਾਂ ਅਤੇ ਬਿਜਲੀ ਨਾਲ ਸਬੰਧਤ ਕੰਮ ਲਈ ਕੇਬਲਾਂ ਆਦਿ ਪਾਉਣ ਦਾ ਕੰਮ ਕੀਤਾ ਜਾ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਦੀ ਜਿੱਤ ਪਾਰਟੀ ਦੀ ਹੋਰ ਮਜ਼ਬੂਤੀ ਵੱਲ ਵੱਡਾ ਕਦਮ-ਦਿਉਲ, ਡੱਲਾ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਭੰਗ ਕਰਨਾ ਨਿੰਦਣਯੋਗ-ਕਾਮਰੇਡ ਸੇਖੋਂ
Ad Position 24