ਜਗਰਾਉਂ, 21 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਫ਼ਿਰੋਜ਼ਪੁਰ ਵਿਚ ਦੁਕਾਨਦਾਰ ਨਵੀਨ ਅਰੋੜਾ ਦੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਆਰੀਆ ਸਮਾਜ ਮੰਦਰ ਜਗਰਾਉਂ ਦੇ ਮੈਂਬਰਾਂ ਨੇ ਐੱਸ.ਡੀ.ਐੱਮ. ਜਗਰਾਉਂ ਰਾਹੀਂ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਇਕ ਮੰਗ ਪੱਤਰ ਭੇਜਿਆ ਹੈ | ਇਸ ਮੌਕੇ ਵਫ਼ਦ ਨੇ ਮੰਗ ਪੱਤਰ ਭੇਜ ਕੇ ਸੂਬੇ ਵਿਚ ਵਿਗੜ ਰਹੀ ਕਾਨੂੰਨ ਵਿਵਸਥਾ ਪ੍ਰਤੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਨਵੀਨ ਅਰੋੜਾ ਦੇ ਪਰਿਵਾਰ ਲਈ ਤੁਰੰਤ ਅਤੇ ਸਖ਼ਤ ਨਿਆਂ ਦੀ ਮੰਗ ਕੀਤੀ ਗਈ | ਆਰੀਆ ਸਮਾਜ ਦੇ ਵਫ਼ਦ ਨੇ ਆਪਣੇ ਮੈਮੋਰੰਡਮ ਵਿਚ ਦੋਸ਼ ਲਾਇਆ ਹੈ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਗੈਂਗਸਟਰ ਅਤੇ ਸਮਾਜ ਵਿਰੋਧੀ ਅਨਸਰ ਬਿਨਾਂ ਕਿਸੇ ਡਰ ਦੇ ਫਿਰੌਤੀ, ਨਿਸ਼ਾਨਾ ਬਣਾ ਕੇ ਕਤਲ ਅਤੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ | ਇਸ ਕਾਰਨ ਆਮ ਨਾਗਰਿਕਾਂ ਵਿਚ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਨਵੀਨ ਅਰੋੜਾਂ ਦੇ ਕਤਲ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ |