19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਖੇਤੀਬਾੜੀ ਸਭਾ ਰਾਊਵਾਲ ਵਿਖੇ ਡੀ.ਏ.ਪੀ. ਖਾਦ ਵੰਡਣ ਸਮੇਂ ਕਿਸਾਨਾਂ ਦੀ ਹੋਈ ਅਣਦੇਖੀ ਦਾ ਮਾਮਲਾ ਹੁਣ ਡੀ.ਆਰ. ਦਫ਼ਤਰ ਲੁਧਿਆਣਾ ਪੁੱਜਾ

Ad Position 21
No active advertisement
ਅਜੀਤ ਡੈਸਕ 07-12-2025
ਸਿੱਧਵਾਂ ਬੇਟ, 6 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਰਾਊਵਾਲ ਅਤੇ ਗੋਰਸੀਆਂ ਮੱਖਣ ਨਾਲ ਸੰਬੰਧਿਤ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਹਾੜ੍ਹੀ ਦੀ ਫ਼ਸਲ ਲਈ ਆਈ ਡੀ.ਏ.ਪੀ. ਖਾਦ ਦੀ ਵੰਡ ਕਰਨ ਸਮੇਂ ਜ਼ਿਆਦਾਤਰ ਕਿਸਾਨਾਂ ਦੀ ਕੀਤੀ ਗਈ ਅਣ-ਦੇਖੀ ਲਈ ਭਾਵੇਂ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਆਪਣੀ ਜਾਂਚ ਦੌਰਾਨ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕਰਨ ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਰਾਉਂ ਕਮੇਟੀ ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਚੁੱਕਾ ਹੈ, ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦਾ ਇਕ ਵਫ਼ਦ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਨੂੰ ਲੈ ਕੇ ਹੁਣ ਡਿਪਟੀ ਰਜਿਸਟਰਾਰ (ਡੀ.ਆਰ.) ਲੁਧਿਆਣਾ ਦੇ ਦਰਬਾਰ ਪੁੱਜ ਗਿਆ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕਿਸਾਨ ਕੁਲਵਿੰਦਰ ਸਿੰਘ, ਕਿਸਾਨ ਨਿਰਭੈ ਸਿੰਘ ਅਤੇ ਕਿਸਾਨ ਵਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਸਭਾ ਦੇ ਹਿੱਸੇਦਾਰ ਕਿਸਾਨ ਜਦੋਂ ਖੇਤੀਬਾੜੀ ਸਭਾ ਦੇ ਦਫ਼ਤਰ ਵਿਚ ਡੀ.ਏ.ਪੀ. ਖਾਦ ਲੈਣ ਲਈ ਜਾਂਦੇ ਰਹੇ ਤਾਂ ਮੌਕੇ 'ਤੇ ਮੌਜੂਦ ਕਰਮਚਾਰੀ ਇਹੀ ਆਖਦੇ ਰਹੇ ਕਿ ਅਜੇ ਖਾਦ ਆਈ ਹੀ ਨਹੀਂ, ਪਰ ਖੇਤੀਬਾੜੀ ਵਿਭਾਗ ਵਲੋਂ ਕੀਤੀ ਜਾਂਚ ਦੌਰਾਨ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਦਫ਼ਤਰ ਵਿਚ ਪੁੱਜੀ ਖਾਦ ਵਿਚੋਂ 1095 ਗੱਟੇ ਤਾਂ ਕਰਮਚਾਰੀਆਂ ਨੇ ਪੰਜਾਬੀ ਦੀ ਇਕ ਕਹਾਵਤ 'ਅੰਨ੍ਹਾਂ ਵੰਡੇ ਰਿਉੜੀਆਂ, ਮੁੜ-ਮੁੜ ਆਪਣਿਆਂ ਨੂੰ ' ਅਨੁਸਾਰ ਸਿਰਫ਼ 22 ਕਿਸਾਨਾਂ ਨੂੰ ਹੀ ਵੰਡ ਦਿੱਤੇ ਗਏ | ਜਿੰਨ੍ਹਾਂ ਵਿਚੋਂ 300 ਗੱਟੇ ਇੱਕ ਪਰਿਵਾਰ ਅਤੇ 270 ਗੱਟੇ ਇਕ ਹੋਰ ਪਰਿਵਾਰ ਨੂੰ ਦੇ ਦਿੱਤੇ, ਜਦ ਕਿ ਸਾਡੇ ਸਮੇਤ ਕਈ ਹੋਰ ਹਿੱਸੇਦਾਰਾਂ ਦੇ ਹਿੱਸੇ 2 ਜਾਂ 3 ਗੱਟੇ ਹੀ ਆਏ | ਇਸ ਸਬੰਧੀ ਜਦੋਂ ਸੰਬੰਧਿਤ ਸਹਿਕਾਰੀ ਇੰਸਪੈਕਟਰ ਅੰਕੁਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਵਲੋਂ ਜਾਂਚ ਕਰਕੇ ਸਾਰੀ ਰਿਪੋਰਟ ਏ.ਆਰ. ਦਫ਼ਤਰ ਭੇਜ ਦਿੱਤੀ ਹੈ, ਹੋਰ ਕਾਰਵਾਈ ਹੁਣ ਉੱਚ-ਅਧਿਕਾਰੀ ਹੀ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਲੋਕ ਹਿਤੈਸ਼ੀ ਅਤੇ ਕਿਸਾਨ ਜਥੇਬੰਦੀਆਂ ਵਲੋਂ ਜਲੰਧਰ-ਜਗਰਾਉਂ 'ਤੇ ਚੱਕਾ ਜਾਮ ਪ੍ਰੋਗਰਾਮ ਕੱਲ੍ਹ ਅਗਲੀ ਖ਼ਬਰ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਮੁਫ਼ਤ ਕੈਂਸਰ ਕੇਅਰ ਚੈੱਕਅੱਪ ਕੈਂਪ ਕੱਲ੍ਹ
Ad Position 24