ਸੜੋਆ - ਕੋਛੜ ਨਿਊਜ਼ ਏਜੰਸੀ ਦੇ ਮਾਲਕ ਨਰੇਸ਼ ਕੋਛੜ ਦੇ ਪਿਤਾ ਅਤੇ ਭਾਰਤ ਪਾਕਿ ਅਤੇ ਭਾਰਤ ਚੀਨ ਨਾਲ ਹੋਈਆਂ ਤਿੰਨੇ ਜੰਗਾ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਵਾਲਾਦਾਰ ਪ੍ਰੇਮ ਚੰਦ ਕੋਛੜ ਦਾ ਜਨਮ 4 ਫਰਵਰੀ 1939 ਨੂੰ ਮਾਤਾ ਲਾਜਵੰਤੀ ਦੇਵੀ ਤੇ ਪਿਤਾ ਸ਼ੈਂਕਰ ਦਾਸ ਦੇ ਗ੍ਰਹਿ ਪਿੰਡ ਕੋਕੋਵਾਲ ਮਜਾਰੀ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਖੇ ਹੋਇਆ | ਇਨ੍ਹਾਂ ਨੇ ਦਸਵੀਂ ਜਮਾਤ ਸਰਕਾਰੀ ਹਾਈ ਸਕੂਲ ਤੋਂ 1960 ਈ 'ਚ ਕਰਨ ਤੋਂ ਬਾਅਦ 1961 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਏ | ਫੌਜ ਵਿੱਚ ਭਰਤੀ ਹੁੰਦਿਆਂ ਹੀ ਦੇਸ਼ ਦੀ ਆਨ ਤੇ ਸ਼ਾਨ ਦੀ ਖਾਤਰ 1962 ਤੇ 1965 ਵਿੱਚ ਚੀਨ ਅਤੇ 1971 ਵਿੱਚ ਪਾਕਿਸਤਾਨ ਨਾਲ ਹੋਈਆਂ ਜੰਗਾਂ ਵਿੱਚ ਹਵਾਲਦਾਰ ਪ੍ਰੇਮ ਚੰਦ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਇਨ੍ਹਾਂ ਦਾ ਵਿਆਹ ਬੀਬੀ ਤਿ੍ਸ਼ਲਾ ਦੇਵੀ ਨਿਵਾਸੀ ਕਾਲੇਵਾਲ ਬੀਤ (ਗੜ੍ਹਸ਼ੰਕਰ) ਨਾਲ ਹੋਇਆ | ਫੌਜ ਵਿੱਚੋ ਸੇਵਾ ਮੁਕਤ ਹੋਣ ਦੇ ਉਪਰੰਤ ਇਨ੍ਹਾਂ ਨੇ ਪਿੰਡ ਅਟਾਲ ਮਜਾਰਾ ਵਿਖੇ ਕਰਿਆਨੇ ਦੀ ਦੁਕਾਨ ਖੋਲ੍ਹ ਕੇ ਆਖਰੀ ਦਮ ਤੱਕ ਇਸੇ ਪਿੰਡ ਦੇ ਇਕ ਸਫ਼ਲ ਦੁਕਾਨਦਾਰ ਵਜੋਂ ਸੇਵਾ ਨਿਭਾਈ | ਇਨ੍ਹਾਂ ਦੇ ਘਰ ਤਿੰਨ ਪੁੱਤਰਾਂ ਜਿਨ੍ਹਾਂ ਵਿੱਚ ਵੱਡਾ ਨਰੇਸ਼ ਕੋਛੜ, ਛੋਟਾ ਸਵਰਗਵਾਸੀ ਮਾ. ਸੀਤਲ ਕੋਛੜ ਅਤੇ ਉਸ ਤੋਂ ਛੋਟਾ ਗੋਪਾਲ ਕਿਸ਼ਨ ਬਿੱਲਾ ਨੇ ਜਨਮ ਲਿਆ | ਇਨ੍ਹਾਂ ਦਾ ਪਰਿਵਾਰ ਪਿਛਲੇ 32 ਸਾਲ ਤੋਂ ਵੱਖ-ਵੱਖ ਅਖਬਾਰਾਂ ਦੀਆਂ ਏਜੰਸੀਆਂ ਲੈ ਕੇ ਇਸ ਪੱਛੜੇ ਖੇਤਰ ਵਿੱਚ ਉਸ ਸਮੇਂ ਤੋਂ ਅਖਬਾਰਾਂ ਘਰ-ਘਰ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ ਜਦੋਂ ਪਿੰਡਾਂ ਨੂੰ ਜਾਣ ਵਾਲੇ ਰਸਤੇ ਵੀ ਕੱਚੇ ਹੁੰਦੇ ਸਨ | ਨਰੇਸ਼ ਕੋਛੜ ਅੱਜ ਵੀ ਪੋਜੇਵਾਲ ਸਰਾਂ ਤੋਂ ਅਖਬਾਰਾਂ ਸਪਲਾਈ ਕਰਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ | ਬੀਤੇ ਸਾਲ ਇਸੇ ਦਿਨ ਇਨ੍ਹਾਂ ਦੇ ਪਿਤਾ ਹਵਾਲਦਾਰ ਪ੍ਰੇਮ ਚੰਦ ਕੋਛੜ ਦੀ ਪਿੰਡ ਅਟਾਲ ਮਜਾਰਾ ਵਿਖੇ ਸੰਖੇਪ ਬੀਮਾਰੀ ਉਪਰੰਤ ਮੌਤ ਹੋ ਗਈ | ਸਮੂਹ ਕੋਛੜ ਪਰਿਵਾਰ ਵੱਲੋਂ ਦੋ ਜੂਨ ਨੂੰ ਆਪਣੇ ਪਿਤਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪਿੰਡ ਅਟਾਲ ਮਜਾਰਾ ਵਿਖੇ ਸਾਦਾ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ | - ਹਰਮੇਲ ਸਹੂੰਗੜਾ